13ਵੇਂ ਦਿਨ ਭਾਰਤ ਨੇ ਜਿੱਤੇ ਚਾਰ ਤਮਗ਼ੇ
ਏਸ਼ੀਆਈ ਖੇਡਾਂ ਦੇ 13ਵੇਂ ਦਿਨ ਭਾਰਤ ਦੀ ਝੋਲੀ ਦੋ ਚਾਂਦੀ ਅਤੇ ਦੋ ਕਾਂਸੀ ਦੇ ਤਮਗ਼ੇ ਪਏ........
ਜਕਾਰਤਾ : ਏਸ਼ੀਆਈ ਖੇਡਾਂ ਦੇ 13ਵੇਂ ਦਿਨ ਭਾਰਤ ਦੀ ਝੋਲੀ ਦੋ ਚਾਂਦੀ ਅਤੇ ਦੋ ਕਾਂਸੀ ਦੇ ਤਮਗ਼ੇ ਪਏ। ਸੇਲਿੰਗ ਦੇ ਵੱਖ-ਵੱਖ ਮੁਕਾਬਲਿਆਂ 'ਚ ਇਕ ਚਾਂਦੀ ਅਤੇ ਦੋ ਕਾਂਸੀ ਦੇ ਤਮਗ਼ੇ ਮਿਲੇ। ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਨੂੰ ਜਪਾਨ ਦੇ ਹੱਥੋਂ 1-2 ਨਾਲ ਮਿਲੀ ਹਾਰ ਕਾਰਨ ਚਾਂਦੀ ਦੇ ਤਮਗ਼ੇ ਨਾਲ ਹੀ ਸਬਰ ਕਰਨਾ ਪਿਆ।
ਭਾਰਤ ਅਤੇ ਜਪਾਨ ਦਰਮਿਆਨ ਖੇਡੇ ਗਏ ਮਹਿਲਾ ਫ਼ਾਈਨਲ ਹਾਕੀ ਮੁਕਾਬਲੇ 'ਚ ਜਪਾਨ ਲਈ ਸ਼ਿਹੋਰੀ ਓਈਕਾਵਾ ਨੇ 11ਵੇ, ਮੋਤੋਮੀ ਕਾਵਾਮੁਰਾ ਨੇ 44ਵੇਂ ਮਿੰਟ 'ਚ ਗੋਲ ਕੀਤੇ। ਉਥੇ ਹੀ ਭਾਰਤੀ ਟੀਮ ਲਈ ਨੇਹਾਲ ਗੋਇਲ ਨੇ 25ਵੇਂ ਮਿੰਟ 'ਚ ਇਕਲੌਤਾ ਗੋਲ ਕੀਤਾ।
ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਏਸ਼ੀਆਈ ਖੇਡਾਂ 'ਚ 36 ਸਾਲ ਬਾਅਦ ਦੂਜਾ ਸੋਨ ਤਮਗ਼ਾ ਜਿੱਤਣ ਤੋਂ ਖੁੰਝ ਗਈ। ਦੂਜੇ ਪਾਸੇ ਸ਼ਵੇਤਾ ਸ਼ੇਰਵੇਗਰ ਅਤੇ ਵਰਸ਼ਾ ਗੌਤਮ ਦੀ ਜੌੜੀ ਨੇ ਮਹਿਲਾਵਾਂ ਦੀ 49-ਈਆਰ ਐਫ਼ਐਕਸ 'ਚ ਚਾਂਦੀ ਦਾ ਤਮਗ਼ਾ ਭਾਰਤੀ ਦੀ ਝੋਲੀ ਪਾਇਆ, ਜਦੋਂ ਕਿ ਅਸ਼ੋਕ ਠੱਕਰ ਅਤੇ ਕੇ.ਸੀ. ਗਣਪਤੀ ਨੇ ਪੁਰਸ਼ਾਂ ਦੀ 49ਈਆਰ ਅਤੇ ਹਰਸ਼ਿਤਾ ਤੋਮਰ ਨੇ ਓਪਨ ਲੇਸਰ 4.7 ਮੁਕਾਬਲੇ 'ਚ ਕਾਂਸੀ ਜਿੱਤੀ। (ਏਜੰਸੀ)