ਜਿੱਤ ਦੀ ਲੈਅ ਬਰਕਰਾਰ ਰੱਖਣ ਦੀ ਚਨੌਤੀ ਹੋਵੇਗੀ ਇੰਗਲੈਂਡ ਲਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫ਼ੀਫ਼ਾ ਵਿਸ਼ਵ ਕੱਪ ਇਸ ਵੇਲੇ ਪੂਰੇ ਜੋਬਨ 'ਤੇ ਹੈ। ਇੰਗਲੈਂਡ ਨੇ ਭਾਵੇਂ ਇਕ ਮੈਚ ਜਿੱਤ ਲਿਆ ਹੈ ਪਰ ਅਜੇ ਵੀ ਉਸ ਨੂੰ ਜਿੱਤ ਵਾਲੀ ਲੈਅ ....

FIFA World Cup

ਰੇਪਿਨੋ,  (ਏਜੰਸੀ): ਫ਼ੀਫ਼ਾ ਵਿਸ਼ਵ ਕੱਪ ਇਸ ਵੇਲੇ ਪੂਰੇ ਜੋਬਨ 'ਤੇ ਹੈ। ਇੰਗਲੈਂਡ ਨੇ ਭਾਵੇਂ ਇਕ ਮੈਚ ਜਿੱਤ ਲਿਆ ਹੈ ਪਰ ਅਜੇ ਵੀ ਉਸ ਨੂੰ ਜਿੱਤ ਵਾਲੀ ਲੈਅ ਬਰਕਰਾਰ ਰੱਖਣ ਦੀ ਚਨੌਤੀ ਹੈ। ਕਪਤਾਨ ਹੈਰੀ ਕੇਨ ਦੇ ਗੋਲ ਦੀ ਬਦੌਲਤ ਕਿਸੇ ਵੱਡੇ ਟੂਰਨਾਮੈਂਟ ਵਿਚ 12 ਸਾਲ ਵਿਚ ਪਹਿਲੀ ਵਾਰ ਜੇਤੂ ਸ਼ੁਰੂਆਤ ਕਰਨ ਵਾਲੀ ਇੰਗਲੈਂਡ ਦੀ ਟੀਮ ਭਲਕੇ ਪਨਾਮਾ  ਵਿਰੁਧ ਜਿੱਤ ਦੀ ਲੈਅ ਬਰਕਰਾਰ ਰੱਖਣ  ਦੇ ਇਰਾਦੇ ਨਾਲ ਉਤਰੇਗੀ। ਦੋ ਵਾਰ  ਦੇ ਪ੍ਰੀਮੀਅਰ ਲੀਗ ਦੇ ਗੋਲਡਨ ਬੂਟ ਜੇਤੂ ਕੇਨ 1990 ਵਿਚ ਗੈਰੀ ਲਿਨੇਕਰ ਤੋਂ ਬਾਅਦ ਵਿਸ਼ਵ ਕੱਪ ਵਿਚ ਇੰਗਲੈਂਡ ਵਲੋਂ ਕਿਸੇ ਮੈਚ ਵਿਚ ਦੋ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ।

ਇੰਗਲੈਂਡ ਦੀ ਟੀਮ ਨੇ ਵਿਸ਼ਵ ਕੱਪ ਦੇ ਅਪਣੇ ਪਹਿਲੇ ਮੈਚ ਵਿਚ ਟਿਊਨੀਸ਼ਿਆ ਨੂੰ ਹਰਾਇਆ। ਵੋਲਗੋਗਰਾਦ ਵਿਚ ਹਾਲਾਂਕਿ ਕੇਨ ਦੇ ਟੀਮ ਮੈਂਬਰ ਉਮੀਦਾਂ 'ਤੇ ਖਰਾ ਉਤਰਨ ਵਿਚ ਨਾਕਾਮ ਰਹੇ ਅਤੇ ਪਹਿਲੇ ਅੱਧ ਵਿਚ ਉਨ੍ਹਾਂ ਨੇ ਕਈ ਆਸਾਨ ਮੌਕੇ ਵੀ ਗਵਾ ਦਿਤੇ। ਰਹੀਮ ਸਟਰਲਿੰਗ ਅਤੇ ਜੇਸੀ ਲਿੰਗਾਰਡ ਨੇ ਟਿਊਨੀਸ਼ਿਆ ਵਿਰੁਧ ਸੱਭ ਤੋਂ ਵੱਧ ਨਿਰਾਸ਼ ਕੀਤਾ। ਸ਼ੁੱਕਰਵਾਰ ਨੂੰ ਹਾਲਾਂਕਿ ਮੀਡੀਆ ਨੂੰ ਲੈ ਕੇ ਵਿਵਾਦ ਹੋਇਆ ਜਦੋਂ ਗੈਰੇਥ ਸਾਊਥਗੇਟ ਦੀ ਸੰਭਾਵਿਤ ਟੀਮ ਦਾ ਗ਼ਲਤੀ ਨਾਲ ਖ਼ੁਲਾਸਾ ਹੋ ਗਿਆ। ਵੀਰਵਾਰ ਨੂੰ ਟ੍ਰੇਨਿੰਗ  ਦੌਰਾਨ ਸਹਾਇਕ ਮੈਨੇਜਰ ਸਟੀਵ ਨੇ ਹਾਲੈਂਡ ਦੇ ਨੋਟਿਸਾਂ ਦੀ ਫ਼ੋਟੋ ਖਿੱਚ ਲਈ ਸੀ।

ਇਨ੍ਹਾਂ ਨੋਟਿਸਾਂ ਅਨੁਸਾਰ ਮਾਰਕਸ ਰਸ਼ਫ਼ੋਰਡ ਨੇ ਸਟਰਲਿੰਗ ਦੀ ਥਾਂ ਲੈਣੀ ਹੈ ਜਦਕਿ ਰੁਬੇਨ ਲੋਫ਼ਟਸ ਸ਼ੁਰੂਆਤੀ ਗਿਆਰਾਂ ਵਿਚ ਡੇਲੇ ਅਲੀ  ਦੀ ਜਗ੍ਹਾ ਉਤਰਨਗੇ।ਡੇਲੇ ਅਲੀ ਨੂੰ ਟਿਊਨੀਸ਼ਿਆ ਵਿਰੁਧ ਲੱਤ 'ਤੇ ਸੱਟ ਵੱਜ ਗਈ ਸੀ।ਸਾਊਥਗੇਟ ਨੇ ਇਸ ਘਟਨਾ ਤੋਂ ਬਾਅਦ ਵਿਰੋਧੀ ਟੀਮ ਨੂੰ ਲਾਭ ਦੀ ਹਾਲਤ ਵਿਚ ਪਹੁੰਚਾਉਣ ਲਈ ਮੀਡੀਆ ਦੀ ਆਲੋਚਨਾ ਕੀਤੀ ਸੀ।

ਸਾਊਥਗੇਟ ਨੇ ਕਿਹਾ ਕਿ ਜੇਕਰ ਅਸੀ ਵਿਰੋਧੀ ਟੀਮ ਨੂੰ ਅਪਣੀ ਟੀਮ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਦੇਵਾਂਗੇ ਤਾਂ ਇਹ ਸਾਡੇ ਲਈ ਨੁਕਸਾਨਦਾਇਕ ਹੋਵੇਗਾ। ਇਸ ਲਈ ਮੀਡੀਆ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਹ ਟੀਮ ਦੀ ਮਦਦ ਕਰਨਾ ਚਾਹੁੰਦੇ ਹਨ ਜਾਂ ਨਹੀਂ । ਹੁਣ ਇੰਗਲੈਂਡ ਨੂੰ ਜੇਕਰ ਗਰੁਪ ਜੀ  ਵਿਚ ਸਿਖਰ ਉੱਤੇ ਜਗ੍ਹਾ ਬਣਾਉਣੀ ਹੈ ਤਾਂ ਪਨਾਮਾ  ਵਿਰੁਧ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਨੀ ਪਵੇਗੀ।