'ਖਾਲਸਾ ਏਡ' ਸਦਕਾ ਇਸ 13 ਸਾਲਾ ਮਾਸੂਮ ਦੀ ਲੱਤ ਵੱਢੇ ਜਾਣ ਤੋਂ ਬਚੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖੇਤ ਵਿੱਚ ਕੰਮ ਕਰਦੇ ਸਮੇਂ ਹੋਇਆ ਸੀ ਬੱਚਾ ਜ਼ਖਮੀ  

Khalsa aid save life of the 13 year old child

ਇਰਾਕ- 'ਖਾਲਸਾ ਏਡ' ਵਿਸ਼ਵ ਭਰ ਵਿਚ ਇਕ ਉਹ ਨਾਮ ਬਣ ਚੁੱਕਿਆ ਹੈ ਕਿ ਤਕਲੀਫ਼ ਵਿਚ ਘਿਰਿਆ ਕੋਈ ਵੀ ਸ਼ਖਸ਼ ਜਦ ਇਸ ਨਾਮ ਨੂੰ ਸੁਣ ਲੈਂਦਾ ਹੈ ਤਾਂ ਲੱਗਦਾ ਹੈ ਕਿ ਹੁਣ ਮੁਸੀਬਤਾਂ ਦਾ ਹੱਲ ਬਹੁਤੀ ਦੂਰ ਨਹੀਂ। ਖਾਲਸਾ ਏਡ ਸਿੱਖ ਸੰਸਥਾ ਨੇ ਇਰਾਕ ਵਿਚ ਮਾਲੀ ਸਹਾਇਤਾ ਕਰ ਇੱਕ 13 ਸਾਲਾ ਯਜ਼ੀਦੀ ਬੱਚੇ ਦੀ ਲੱਤ ਕੱਟੇ ਜਾਣ ਤੋਂ ਬਚਾ ਲਈ।

ਦਰਅਸਲ ਇਹ ਬੱਚਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਇੱਕ ਖੇਤ ਵਿਚ ਗੁਜ਼ਾਰਾ ਚਲਾਉਣ ਲਈ ਕੰਮ ਕਰਦਾ ਸੀ। ਖੇਤ ਵਿਚ ਕੰਮ ਕਰਨ ਦੇ ਦੌਰਾਨ ਇਸ ਬੱਚੇ ਦੀ ਲੱਤ ਮਸ਼ੀਨਰੀ ਵਿਚ ਆ ਗਈ ਅਤੇ ਇਹ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਰ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਅਪਰੇਸ਼ਨ ਕਰਵਾਉਣ 'ਚ ਅਸਮਰੱਥ ਸਨ ਪਰ ਖਾਲਸਾ ਏਡ ਨੇ ਇਰਾਕ ਵਿਚ ਮਾਲੀ ਸਹਾਇਤਾ ਭੇਜੀ। ਜਿਸ ਕਾਰਨ ਬੱਚੇ ਦੇ ਅਪ੍ਰੇਸ਼ਨ ਤੋਂ ਬਾਅਦ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਬੱਚੇ ਦੇ ਅਪ੍ਰੇਸ਼ਨ ਤੋਂ ਬਾਅਦ ਉਸਦੇ ਤੰਦਰੁਸਤ ਹੋਣ ਦੀ ਗੱਲ ਇਰਾਕ 'ਚ ਖਾਲਸਾ ਏਡ ਦੀ ਵਾਲੰਟੀਅਰ ਨੇ ਸਾਂਝੀ ਕੀਤੀ।

ਪੰਜਾਬ ਦੇ ਹੜ੍ਹ ਪੀੜਤਾਂ ਨੂੰ ਸਹਿਯੋਗ ਦੇਣ ਵਿਚ ਖਾਲਸਾ ਏਡ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦੱਸਣਯੋਗ ਹੈ ਕਿ ਦੁਨੀਆ ਦਾ ਸ਼ਾਇਦ ਕੋਈ ਹੀ ਕੋਨਾ ਹੋਵੇ। ਜਿਸ ਵਿਚ ਖਾਲਸਾ ਏਡ ਨੇ ਦੀਨ ਦੁਖੀਆਂ ਦੀ ਮਦਦ ਨਾ ਕੀਤੀ ਹੋਵੇ।