ਅਮਰੀਕੀ ਹਵਾਈ ਖੇਤਰ 'ਚ ਦਿਖਾਈ ਦਿੱਤਾ ਚੀਨੀ ਜਾਸੂਸੀ ਗੁਬਾਰਾ, ਆਕਾਰ ਵਿੱਚ 3 ਬੱਸਾਂ ਜਿੰਨਾ ਵੱਡਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਰੱਖਿਆ ਵਿਭਾਗ ਵੱਲੋਂ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਲਈ ਕਾਰਵਾਈਆਂ ਤੇਜ਼ 

Image For Representational Purpose Only

 

ਵਾਸ਼ਿੰਗਟਨ - ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਕਿ ਅਮਰੀਕੀ ਹਵਾਈ ਖੇਤਰ ਵਿੱਚ ਇੱਕ ਕਥਿਤ ਚੀਨੀ ਜਾਸੂਸੀ ਗੁਬਾਰਾ ਦੇਖਿਆ ਗਿਆ, ਜਿਸ ਦਾ ਆਕਾਰ ਤਿੰਨ ਬੱਸਾਂ ਜਿੰਨਾ ਵੱਡਾ ਹੈ।

ਇਹ ਘਟਨਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਚੀਨ ਦੌਰੇ ਤੋਂ ਕੁਝ ਦਿਨ ਪਹਿਲਾਂ ਵਾਪਰੀ ਹੈ।

ਪੈਂਟਾਗਨ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, "ਅਮਰੀਕੀ ਸਰਕਾਰ ਨੂੰ ਇੱਕ ਜਾਸੂਸੀ ਗੁਬਾਰੇ ਬਾਰੇ ਪਤਾ ਲੱਗਿਆ ਹੈ, ਜੋ ਅਮਰੀਕੀ ਹਵਾਈ ਖੇਤਰ ਵਿੱਚ ਉੱਡ ਰਿਹਾ ਹੈ। ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ। 

ਉਨ੍ਹਾਂ ਕਿਹਾ, "ਨੋਰਾਡ (ਉੱਤਰੀ ਅਮਰੀਕੀ ਏਰੋਸਪੇਸ ਡਿਫ਼ੈਂਸ ਕਮਾਂਡ) ਇਸ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ।"

ਉਨ੍ਹਾਂ ਕਿਹਾ ਕਿ ਗੁਬਾਰੇ ਨੂੰ ਵੀਰਵਾਰ ਨੂੰ ਮੋਂਟਾਨਾ ਵਿੱਚ ਦੇਖਿਆ ਗਿਆ ਸੀ, ਅਤੇ ਇਸ ਦਾ ਆਕਾਰ 'ਤਿੰਨ ਬੱਸਾਂ ਦੇ ਬਰਾਬਰ' ਦੱਸਿਆ ਜਾ ਰਿਹਾ ਹੈ। 

ਪੈਟ ਰਾਈਡਰ ਨੇ ਕਿਹਾ, "ਜਿਵੇਂ ਹੀ ਗੁਬਾਰੇ ਬਾਰੇ ਪਤਾ ਲੱਗਿਆ, ਅਮਰੀਕੀ ਸਰਕਾਰ ਨੇ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕੀਤੀ।"

ਉਨ੍ਹਾਂ ਕਿਹਾ ਕਿ ਗੁਬਾਰਾ ਵਪਾਰਕ ਹਵਾਈ ਖੇਤਰ ਤੋਂ ਉੱਚਾ ਸੀ, ਅਤੇ ਜ਼ਮੀਨ 'ਤੇ ਮੌਜੂਦ ਲੋਕਾਂ ਲਈ ਕੋਈ ਖ਼ਤਰਾ ਨਹੀਂ ਸੀ।

ਇੱਕ ਸੀਨੀਅਰ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੈਂਟਾਗਨ ਇਸ ਨਾਲ ਨਜਿੱਠਣ ਲਈ ਸਾਰੇ ਵਿਕਲਪਾਂ 'ਤੇ ਗ਼ੌਰ ਕਰ ਰਿਹਾ ਹੈ।

ਰੱਖਿਆ ਅਧਿਕਾਰੀ ਨੇ ਕਿਹਾ, ''ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਕਿ ਗੁਬਾਰੇ ਦੀ ਵਰਤੋਂ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਦੇ ਮਕਸਦ ਨਾਲ ਕੀਤੀ ਗਈ। ਅਸੀਂ ਸੰਵੇਦਨਸ਼ੀਲ ਜਾਣਕਾਰੀ ਨੂੰ ਵਿਦੇਸ਼ੀਆਂ ਦੇ ਹੱਥ ਲੱਗਣ ਤੋਂ ਰੋਕਣ ਲਈ ਕਾਰਵਾਈ ਕਰ ਰਹੇ ਹਾਂ।