ਕੈਨੇਡਾ: ਉਨਟਾਰੀਓ ਚੋਣਾਂ ਵਿਚ ਵੀ ਪੰਜਾਬੀਆਂ ਦੀ ਸਰਦਾਰੀ
ਕਹਿੰਦੇ ਹਨ ਕਿ ਜਿਥੇ ਚਾਰ ਪੰਜਾਬੀ ਇਕੱਠੇ ਹੋ ਜਾਣ ਉਥੇ ਕੋਈ ਨਾ ਕੋਈ ਧਾਰਮਕ ਸਥਾਨ ਬਣਾ ਲੈਂਦੇ ਹਨ ਤੇ ਥੋੜ੍ਹਾ ਜਿਹਾ ਸੌਖਾ ਹੋਣ ਤੋਂ ਬਾਅਦ ਉਥੋਂ ਦੀ ਰਾਜਨੀਤੀ...
ਉਨਟਾਰੀਓ: ਕਹਿੰਦੇ ਹਨ ਕਿ ਜਿਥੇ ਚਾਰ ਪੰਜਾਬੀ ਇਕੱਠੇ ਹੋ ਜਾਣ ਉਥੇ ਕੋਈ ਨਾ ਕੋਈ ਧਾਰਮਕ ਸਥਾਨ ਬਣਾ ਲੈਂਦੇ ਹਨ ਤੇ ਥੋੜ੍ਹਾ ਜਿਹਾ ਸੌਖਾ ਹੋਣ ਤੋਂ ਬਾਅਦ ਉਥੋਂ ਦੀ ਰਾਜਨੀਤੀ ਤੇ ਸਮਾਜ ਨੂੰ ਪ੍ਰਭਾਵਿਤ ਕਰਨ ਲੱਗ ਪੈਂਦੇ ਹਨ। ਅਜਿਹਾ ਹੀ ਅੱਜਕਲ ਦੇਖਣ ਨੂੰ ਮਿਲ ਰਿਹੈ ਕੈਨੇਡਾ ਵਿਚ।
ਕੈਨੇਡਾ ਦੇ ਸੂਬੇ ਉਨਟਾਰੀਓ ਦੀਆਂ ਅਸੈਂਬਲੀ ਚੋਣਾਂ ਦਾ ਬਿਗਲ ਕੁੱਝ ਸਮਾਂ ਪਹਿਲਾਂ ਵੱਜ ਗਿਆ ਸੀ ਤੇ ਇਹ ਚੋਣਾਂ 7 ਜੂਨ ਨੂੰ ਹੋਣੀਆਂ ਹਨ ਅਤੇ ਇਸ ਸਮੇਂ ਇਸ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ 'ਤੇ ਹੈ। ਕੈਨੇਡਾ ਦੀਆਂ ਤਿੰਨ ਵੱਡੀਆਂ ਪਾਰਟੀਆਂ ਲਿਬਰਲ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਇਨ੍ਹਾਂ ਚੋਣਾਂ ਵਿਚ ਅਪਣੀ ਕਿਸਮਤ ਅਜਮਾ ਰਹੀਆਂ ਹਨ।
ਐਡਵਾਂਸ ਪੋਲ ਤੋਂ ਭਾਵ ਜਿਹੜੇ ਲੋਕ ਕਿਸੇ ਕਾਰਨ 7 ਜੂਨ ਨੂੰ ਵੋਟ ਨਹੀਂ ਪਾ ਸਕਦੇ, ਉਹ ਪਹਿਲਾਂ ਹੀ ਵੋਟ ਪਾ ਸਕਦੇ ਹਨ। ਇਸ ਵਿਚ ਪਿਛਲੇ ਰਿਕਾਰਡ ਦੇ ਮੁਕਾਬਲੇ ਲੋਕਾਂ ਦੇ ਉਤਸ਼ਾਹ ਵਿੱਚ ਕਮੀ ਪਾਈ ਗਈ ਹੈ। ਅਪਣੀ ਚੋਣ ਮੁਹਿੰਮ ਭਖਾਉਣ ਵਿਚ ਪੰਜਾਬੀ ਮੂਲ ਦੇ ਉਮੀਦਵਾਰ ਸੱਭ ਤੋਂ ਅੱਗੇ ਚੱਲ ਰਹੇ ਹਨ। ਬਹੁਤੇ ਹਲਕਿਆਂ ਵਿਚ ਤਿੰਨਾਂ ਮੁੱਖ ਪਾਰਟੀਆਂ ਵਲੋਂ ਪੰਜਾਬੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਬਣਾਉਣ ਲਈ ਪਾਰਟੀ ਨੂੰ 63 ਸੀਟਾਂ 'ਤੇ ਜਿੱਤ ਦਰਜ ਕਰਨੀ ਪਵੇਗੀ। ਜੇਕਰ ਕਿਸੇ ਵੀ ਪਾਰਟੀ ਨੂੰ ਜਿੱਤ ਨਹਂ ਮਿਲਦੀ ਤਾਂ ਗਵਰਨਰ ਜਨਰਲ ਚੋਣ ਦੁਬਾਰਾ ਕਰਾਉਣ ਦਾ ਹੁਕਮ ਵੀ ਦੇ ਸਕਦਾ ਹੈ।ਇਸ ਤੋਂ ਇਲਾਵਾ ਕਿਸੇ ਵੀ ਪਾਰਟੀ ਨੂੰ ਅਪਣੀ ਹੋਂਦ ਬਰਕਰਾਰ ਰੱਖਣ ਲਈ ਘੱਟੋ-ਘੱਟ 8 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਫੈਸਲਾ ਭਵਿੱਖ ਦੇ ਗਰਭ 'ਚ ਹੈ ਤੇ ਦੇਖਦੇ ਹਾਂ ਕਿ ਕਿੰਨੇ ਪੰਜਾਬੀ ਕੈਨੇਡਾ ਵਿਚ ਅਪਣੀ ਸਰਦਾਰੀ ਕਾਇਮ ਕਰਦੇ ਹਨ। (ਏਜੰਸੀ)