ਔਰਤਾਂ ਨੂੰ ਜਿਸਮਾਨੀ ਸ਼ੋਸ਼ਣ ਦੀ ਯਾਦ ਦਹਾਕਿਆਂ ਤਕ ਸਤਾਉਂਦੀ ਹੈ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਸੇ ਔਰਤ ਲਈ ਜਿਸਮਾਨੀ ਸ਼ੋਸ਼ਣ ਦੀ ਘਟਨਾ ਨੂੰ ਭੁਲਾ ਦੇਣਾ ਸੌਖਾ ਨਹੀਂ ਹੁੰਦਾ ਅਤੇ ਪੀੜਤ ਔਰਤਾਂ ਦੇ ਦਿਲ-ਦਿਮਾਗ਼ ਵਿਚ ਇਸ ਦੀਆਂ ਯਾਦਾਂ ਦਹਾਕਿਆਂ ਤਕ ਰਹਿੰਦੀਆਂ ਹਨ........

Sexual Harassment

ਵਾਸ਼ਿੰਗਟਨ  : ਕਿਸੇ ਔਰਤ ਲਈ ਜਿਸਮਾਨੀ ਸ਼ੋਸ਼ਣ ਦੀ ਘਟਨਾ ਨੂੰ ਭੁਲਾ ਦੇਣਾ ਸੌਖਾ ਨਹੀਂ ਹੁੰਦਾ ਅਤੇ ਪੀੜਤ ਔਰਤਾਂ ਦੇ ਦਿਲ-ਦਿਮਾਗ਼ ਵਿਚ ਇਸ ਦੀਆਂ ਯਾਦਾਂ ਦਹਾਕਿਆਂ ਤਕ ਰਹਿੰਦੀਆਂ ਹਨ। ਅਧਿਐਨ ਮੁਤਾਬਕ ਹੋਰ ਦੁਖਦ ਘਟਨਾਵਾਂ ਅਤੇ ਜੀਵਨ ਵਿਚ ਉਤਰਾਅ-ਚੜ੍ਹਾਅ ਨਾਲ ਜੁੜੀਆਂ ਘਟਨਾਵਾਂ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ਦੇ ਉਲਟ ਜਿਸਮਾਨੀ ਹਿੰਸਾ ਦੀਆਂ ਪੀੜਤ ਔਰਤਾਂ ਦੇ ਦਿਲ ਵਿਚ ਘਟਨਾ ਦੀਆਂ ਜ਼ਿਆਦਾ ਡੂੰਘੀਆਂ ਯਾਦਾਂ ਵੇਖੀਆਂ ਗਈਆਂ ਜਿਨ੍ਹਾਂ ਨੂੰ ਭੁਲਾ ਦੇਣਾ ਮੁਸ਼ਕਲ ਸੀ। ਅਮਰੀਕਾ ਵਿਚ ਸਟਗਰਜ਼ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਟਰੇਸੀ ਸ਼ੋਰਸ ਨੇ ਕਿਹਾ, 'ਕੁੱਝ ਹੱਦ ਤਕ ਇਹ ਹੈਰਾਨੀ ਦੀ ਗੱਲ ਨਹੀਂ ਹੈ

ਕਿ ਇਹ ਯਾਦਾਂ ਤਣਾਅ ਅਤੇ ਚਿੰਤਾ ਨਾਲ ਜੁੜੀਆਂ ਹਨ ਕਿਉਂਕਿ ਇਨ੍ਹਾਂ ਔਰਤਾਂ ਨੂੰ ਯਾਦ ਹੈ ਕਿ ਕੀ ਹੋਇਆ ਸੀ ਅਤੇ ਇਸ ਬਾਰੇ ਬਹੁਤ ਸੋਚਦੀਆਂ ਹਨ। ਰਸਾਲੇ ਫ਼ਰੰਟੀਅਰਜ਼ ਇਨ ਨਿਊਰੋਸਾਇੰਸ ਵਿਚ ਛਪੇ ਅਧਿਐਨ ਵਿਚ ਉਨ੍ਹਾਂ ਲਿਖਿਆ, 'ਪਰ ਇਨ੍ਹਾਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਆਮ ਤੌਰ 'ਤੇ ਪੋਸਟ ਟਰਾਮਾਟਿਕ ਸਟਰੈਸ ਡਿਸਆਰਡਰ ਯਾਨੀ ਪੀਟੀਐਸਡੀ ਨਾਲ ਜੋੜਿਆ ਜਾਂਦਾ ਹੈ ਜਦਕਿ ਸਾਡੇ ਅਧਿਐਨ ਵਿਚ ਬਹੁਤੀਆਂ ਔਰਤਾਂ ਜਿਨ੍ਹਾਂ ਨੇ ਇਨ੍ਹਾਂ ਕੌੜੀਆਂ ਯਾਦਾਂ ਦਾ ਅਨੁਭਵ ਕੀਤਾ, ਉਹ ਪੀਟੀਐਸਡੀ ਤੋਂ ਪੀੜਤ ਨਹੀਂ ਸਨ ਜੋ ਆਮ ਤੌਰ 'ਤੇ ਜ਼ਿਆਦਾ ਤੀਬਰ ਮਾਨਸਿਕ ਅਤੇ ਸਰੀਰਕ ਪ੍ਰਤੀਕ੍ਰਿਆਵਾਂ ਨਾਲ ਜੁੜੇ ਹੁੰਦੇ ਹਨ।'

ਇਸ ਅਧਿਐਨ ਵਿਚ 18 ਤੋਂ 39 ਸਾਲ ਦੀਆਂ 183 ਔਰਤਾਂ ਸ਼ਾਮਲ ਸਨ। 64 ਔਰਤਾਂ ਨੇ ਦਸਿਆ ਕਿ ਉਹ ਜਿਸਮਾਨੀ ਹਿੰਸਾ ਦੀ ਪੀੜਤ ਹਨ ਜਦਕਿ 119 ਨੇ ਦਸਿਆ ਕਿ ਉਨ੍ਹਾਂ ਦਾ ਜਿਸਮਾਨੀ ਹਿੰਸਾ ਦਾ ਕੋਈ ਇਤਿਹਾਸ ਨਹੀਂ ਰਿਹਾ। ਉਨ੍ਹਾਂ ਦਸਿਆ ਕਿ ਉਹ ਘਟਨਾ ਪੂਰੀ ਤਰ੍ਹਾਂ ਨਹੀਂ ਭੁੱਲ ਸਕੀਆਂ ਅਤੇ ਉਹ ਇਸ ਨੂੰ ਅਪਣੇ ਜੀਵਨ ਦਾ ਅਹਿਮ ਹਿੱਸਾ ਮੰਨਦੀਆਂ ਹਨ।  (ਏਜੰਸੀ)