ਗੁਫ਼ਾ 'ਚੋਂ 16ਵੇਂ ਦਿਨ ਤਕ ਕੱਢੇ 8 ਬੱਚੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ 'ਚ ਅਪਣੇ ਕੋਚ ਨਾਲ ਫਸੀ ਫ਼ੁਟਬਾਲ ਟੀਮ ਦੇ ਕੁਲ 8 ਬੱਚਿਆਂ ਨੂੰ ਸੋਮਵਾਰ ਦੇਰ ਸ਼ਾਮ ਤਕ ਕੱਢ ਲਿਆ ਗਿਆ........

Survival Team Worker

ਬੈਂਕਾਕ : ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ 'ਚ ਅਪਣੇ ਕੋਚ ਨਾਲ ਫਸੀ ਫ਼ੁਟਬਾਲ ਟੀਮ ਦੇ ਕੁਲ 8 ਬੱਚਿਆਂ ਨੂੰ ਸੋਮਵਾਰ ਦੇਰ ਸ਼ਾਮ ਤਕ ਕੱਢ ਲਿਆ ਗਿਆ। ਬਾਕੀ 5 ਮੈਂਬਰਾਂ ਨੂੰ ਕੱਢਣ ਲਈ ਬਚਾਅ ਟੀਮ ਦੇ ਮੁਲਾਜ਼ਮ ਮੰਗਲਵਾਰ ਸਵੇਰੇ ਮੁਹਿੰਮ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਤਕ ਗੁਫ਼ਾ 'ਚੋਂ 4 ਬੱਚਿਆਂ ਨੂੰ ਕੱਢਿਆ ਗਿਆ ਸੀ। ਇਸ ਬਚਾਅ ਕਾਰਜ 'ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਮੁਹਿੰਮ 'ਚ ਅਮਰੀਕੀ ਬਿਜ਼ਨਸਮੈਨ ਐਲਨ ਮਸਕ ਦੀ ਮਿੰਨੀ ਸਬਰਮਰੀਨ ਕਹੀ ਜਾਣ ਵਾਲੀ ਇਕ ਮੈਟਾਲਿਕ ਪਾਡ ਦੀ ਵੀ ਮਦਦ ਲਈ ਜਾ ਰਹੀ ਹੈ। ਇਸ ਪੂਰੀ ਮੁਹਿੰਮ 'ਚ ਕੁਲ 90 ਗੋਤਾਖੋਰ ਜੁਟੇ ਹਨ,

ਜਿਨ੍ਹਾਂ 'ਚ 40 ਥਾਈਲੈਂਡ ਜਦੋਂ ਕਿ 50 ਹੋਰ ਦੇਸ਼ਾਂ ਦੇ ਗੋਤਾਖੋਰ ਹਨ। ਅੱਜ ਕੱਢੇ ਗਏ ਚਾਰ ਬੱਚਿਆਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।
ਇਨ੍ਹਾਂ ਬੱਚਿਆਂ ਨੂੰ ਮਾਸਕ ਪਹਿਨਾ ਕੇ ਅਤੇ ਆਕਸੀਜਨ ਸਿਲੰਡਰ ਰਾਹੀਂ ਆਕਸੀਜਨ ਦਿੰਦਿਆਂ ਪਾਣੀ 'ਚੋਂ ਬਾਹਰ ਕਢਿਆ ਗਿਆ। ਵਿਚਕਾਰ ਗੁਫ਼ਾ ਦਾ ਰਸਤਾ ਤੰਗ ਹੋਣ ਕਾਰਨ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਅਜਿਹੇ 'ਚ ਐਤਵਾਰ ਨੂੰ ਹਨੇਰਾ ਹੋਣ ਤਕ ਚਾਰ ਬੱਚੇ ਹੀ ਕੱਢੇ ਜਾ ਸਕੇ ਅਤੇ ਫਿਰ ਇਸ ਮੁਹਿੰਮ ਨੂੰ ਸੋਮਵਾਰ ਸਵੇਰ ਤਕ ਰੋਕ ਦਿਤਾ ਗਿਆ ਸੀ। ਇਸ ਮਗਰੋਂ ਸੋਮਵਾਰ ਨੂੰ ਫਿਰ ਚਾਰ ਬੱਚਿਆਂ ਨੂੰ ਬਾਹਰ ਲਿਆਇਆ ਗਿਆ। (ਪੀਟੀਆਈ)