ਬੱਚੇ ਦੇ ਰੋਣ 'ਤੇ ਭਾਰਤੀ ਪਰਵਾਰ ਨੂੰ ਜਹਾਜ਼ 'ਚੋਂ ਉਤਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਭਾਰਤੀ ਪਰਵਾਰ ਨੇ ਯੂਰਪ ਦੀ ਪ੍ਰਸਿੱਧ ਏਅਰਲਾਈਨਜ਼ ਬ੍ਰਿਟਿਸ਼ ਏਅਰਵੇਜ਼ 'ਤੇ ਨਸਲੀ ਟਿਪਣੀ ਅਤੇ ਗ਼ਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ............

British Airways Plane

ਇਸਲਾਮਾਬਾਦ : ਇਕ ਭਾਰਤੀ ਪਰਵਾਰ ਨੇ ਯੂਰਪ ਦੀ ਪ੍ਰਸਿੱਧ ਏਅਰਲਾਈਨਜ਼ ਬ੍ਰਿਟਿਸ਼ ਏਅਰਵੇਜ਼ 'ਤੇ ਨਸਲੀ ਟਿਪਣੀ ਅਤੇ ਗ਼ਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਪਰਵਾਰ ਦਾ ਕਹਿਣਾ ਹੈ ਕਿ ਜਹਾਜ਼ ਦੇ ਟੇਕਆਫ਼ ਸਮੇਂ ਉਨ੍ਹਾਂ ਦਾ ਤਿੰਨ ਸਾਲਾ ਬੱਚਾ ਰੋਣ ਲੱਗਾ। ਇਸ 'ਤੇ ਕਰੂ ਮੈਂਬਰ ਇੰਨਾ ਨਾਰਾਜ਼ ਹੋ ਗਿਆ ਕਿ ਉਸ ਨੇ ਬੱਚੇ ਨੂੰ ਬਾਹਰ ਸੁੱਟਣ ਦੀ ਧਮਕੀ ਦਿਤੀ। ਇਸ ਤੋਂ ਬਾਅਦ ਜਹਾਜ਼ ਨੂੰ ਤੁਰੰਤ ਟਰਮਿਨਲ 'ਤੇ ਲਿਜਾਇਆ ਗਿਆ ਅਤੇ ਇਸ ਭਾਰਤੀ ਪਰਵਾਰ ਨੂੰ ਹੇਠਾਂ ਉਤਾਰ ਦਿਤਾ ਗਿਆ।

ਪੀੜਤ ਪਰਵਾਰ ਦਾ ਦੋਸ ਹੈ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਸੁਰੇਸ਼ ਪ੍ਰਭੂ ਅਤੇ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖੀ, ਪਰ ਹੁਣ ਤਕ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਨਿਊਜ਼ ਏਜੰਸੀ ਮੁਤਾਬਕ ਇਹ ਬਦਸਲੂਕੀ ਭਾਰਤੀ ਇੰਜੀਨੀਅਰਿੰਗ ਸਰਵਿਸ ਦੇ 1984 ਬੈਚ ਦੇ ਅਧਿਕਾਰੀ ਏ.ਪੀ. ਪਾਠਕ ਅਤੇ ਉਨ੍ਹਾਂ ਦੇ ਪਰਵਾਰ ਨਾਲ ਕੀਤੀ ਗਈ। ਉਹ ਫਿਲਹਾਲ ਸੜਕੀ ਆਵਾਜਾਈ ਮੰਤਰਾਲਾ 'ਚ ਹਨ। ਜੁਆਇੰਟ ਸੈਕ੍ਰੇਟਰੀ ਪੱਧਰ ਦੇ ਇਸ ਅਧਿਕਾਰੀ ਮੁਤਾਬਕ ਘਟਨਾ 23 ਜੁਲਾਈ ਦੀ ਹੈ। ਉਸ ਸਮੇਂ ਉਹ ਪਤਨੀ ਅਤੇ ਬੱਚੇ ਨਾਲ ਲੰਦਨ-ਬਰਲਿਨ ਫ਼ਲਾਈਟ (ਬੀਏ 8495) 'ਚ ਸਫ਼ਰ ਕਰ ਰਹੇ ਸਨ।

ਉਨ੍ਹਾਂ ਨੇ ਇਸ ਦੀ ਸ਼ਿਕਾਇਤ ਜਹਾਜ਼ਰਾਨੀ ਮੰਤਰੀ ਸੁਰੇਸ਼ ਪ੍ਰਭੂ ਅਤੇ ਵਿਦੇਸ਼ ਮੰਤਰੀ ਸੁਸ਼ਮ ਸਵਰਾਜ ਨਾਲ ਕੀਤੀ। ਇਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਪੀੜਤ ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਘੋਸ਼ਣਾ ਤੋਂ ਬਾਅਦ ਉਸ ਦੀ ਪਤਨੀ ਬੱਚੇ ਦੀ ਸੀਟ ਬੈਲਟ ਲਗਾ ਰਹੀ ਸੀ। ਇਹ ਵੇਖ ਬੱਚਾ ਘਬਰਾ ਗਿਆ ਅਤੇ ਰੋਣ ਲੱਗਾ।

ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਕ ਕਰੂ ਮੈਂਬਰ ਸੀਟ ਨੇੜੇ ਆਇਆ ਅਤੇ ਗੁੱਸੇ 'ਚ ਸਾਨੂੰ ਮਾੜੇ ਸ਼ਬਦ ਬੋਲਣ ਲੱਗਾ। ਉਸ ਨੇ ਰਨਵੇ 'ਤੇ ਮੌਜੂਦ ਸਟਾਫ਼ ਨੂੰ ਜਹਾਜ਼ ਵਾਪਸ ਲਿਜਾਉਣ ਦਾ ਸੰਦੇਸ਼ ਭੇਜਿਆ। ਉਸ ਨੇ ਬੱਚੇ ਨੂੰ ਖਿੜਕੀ 'ਚੋਂ ਬਾਹਰ ਸੁੱਟਣ ਦੀ ਧਮਕੀ ਵੀ ਦਿਤੀ। ਪੀੜਤ ਅਧਿਕਾਰੀ ਨੇ ਕਿਹਾ ਕਿ ਇਕ ਭਾਰਤੀ ਨਾਗਰਿਕ ਨਾਲ ਅਜਿਹੇ ਵਿਵਹਾਰ ਦੇ ਦੋਸ਼ 'ਚ ਏਅਰਲਾਈਨਜ਼ ਕੰਪਨੀ ਮਾਫ਼ੀ ਮੰਗੇ ਅਤੇ ਮੁਆਵਜ਼ਾ ਦੇਵੇ। (ਪੀਟੀਆਈ)