ਨਵਾਜ਼ ਸ਼ਰੀਫ਼, ਮਰੀਅਮ ਪਾਕਿ ਪੁਜਦਿਆਂ ਹੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਪੁੱਤਰੀ ਮਰੀਅਮ ਨੂੰ ਪਾਕਿਸਤਾਨ ਪਹੁੰਚਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ..........

Nawaz Sharif And Maryam Nawaz

ਲਾਹੌਰ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਪੁੱਤਰੀ ਮਰੀਅਮ ਨੂੰ ਪਾਕਿਸਤਾਨ ਪਹੁੰਚਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਨਵਾਜ਼ ਸ਼ਰੀਫ਼ ਨੂੰ ਇਕ ਹਫ਼ਤੇ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ ਵਿਚ ਮਰੀਅਮ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅੱਜ ਰਾਤ ਦੋਵੇਂ ਜਣੇ ਲੰਡਨ ਤੋਂ ਜਹਾਜ਼ ਰਾਹੀਂ ਪਾਕਿਸਤਾਨ ਪੁੱਜੇ ਜਿਥੇ ਹਵਾਈ ਅੱਡੇ ਤੋਂ ਹੀ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਹਾਜ਼ ਸਥਾਨਕ ਸਮੇਂ ਅਨੁਸਾਰ ਸਵਾ ਨੌਂ ਵਜੇ ਲਾਹੌਰ ਦੇ ਅਲਾਮਾ ਇਕਬਾਲ ਹਵਾਈ ਅੱਡੇ 'ਤੇ ਪੁੱਜਾ।

ਜਹਾਜ਼ ਤੈਅ ਸਮੇਂ ਤੋਂ ਕਰੀਬ ਤਿੰਨ ਘੰਟੇ ਦੇਰ ਨਾਲ ਹਵਾਈ ਅੱਡੇ 'ਤੇ ਪੁੱਜਾ। ਇਥੇ ਆਉਣ ਤੋਂ ਪਹਿਲਾਂ 68 ਸਾਲਾ ਸ਼ਰੀਫ਼ ਅਤੇ 44 ਸਾਲਾ ਮਰੀਅਮ ਲੰਦਨ ਤੋਂ ਯੂਏਈ ਦੀ ਰਾਜਧਾਨੀ ਅਬੂਧਾਬੀ ਪਹੁੰਚੇ ਸਨ। ਸ਼ਰੀਫ਼ ਦੀ ਪਤਨੀ ਲੰਦਨ ਵਿਚ ਹਸਪਤਾਲ ਵਿਚ ਭਰਤੀ ਹੈ। ਦੋਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਧਿਕਾਰੀ ਪਹਿਲਾਂ ਹੀ ਅੱਡੇ 'ਤੇ ਮੌਜੂਦ ਸਨ। ਦੋਹਾਂ ਨੂੰ ਛੇ ਜੁਲਾਈ ਨੂੰ ਲੰਦਨ ਵਿਚ ਚਾਰ ਆਲੀਸ਼ਾਨ ਫ਼ਲੈਟਾਂ ਦੀ ਮਾਲਕੀ ਨਾਲ ਜੁੜੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। (ਏਜੰਸੀ)