ਟਰੰਪ ਦੀ ਇਰਾਨ ਨੂੰ ਧਮਕੀ, ਯੁੱਧ ਹੋਇਆ ਤਾਂ ਖ਼ਤਮ ਹੋ ਜਾਏਗਾ ਪੂਰਾ ਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਡੋਨਾਲਡ ਟਰੰਪ ਨੇ ਟਵੀਟ ਕਰਕੇ ਦਿਤੀ ਈਰਾਨ ਨੂੰ ਧਮਕੀ

Donald Trump

ਵਾਸ਼ਿੰਗਟਨ: ਅਮਰੀਕਾ ਤੇ ਈਰਾਨ ਵਿਚ ਹੁਣ ਇਕ ਦੂਜੇ ਪ੍ਰਤੀ ਨਫ਼ਰਤ ਵਧਦੀ ਜਾ ਰਹੀ ਹੈ। ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਦੋਵੇਂ ਯੁੱਧ ਦੀ ਆਖ਼ਰੀ ਤਰੀਕ ਤੱਕ ਪਹੁੰਚ ਗਏ ਹਨ। ਇਹ ਸਭ ਇਸ ਲਈ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਜਾਰੀ ਕਰਕੇ ਧਮਕੀ ਦਿਤੀ ਹੈ ਕਿ ਜੇਕਰ ਈਰਾਨ ਅਮਰੀਕਾ ਨਾਲ ਯੁੱਧ ਛੇੜਦਾ ਹੈ ਤਾਂ ਅਧਿਕਾਰਿਕ ਤੌਰ ’ਤੇ ਉਸ ਦਾ ਖ਼ਾਤਮਾ ਹੋ ਜਾਵੇਗਾ। ਨਾਲ ਹੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਫਿਰ ਕਦੇ ਧਮਕੀ ਨਾ ਦੇਣਾ।

ਵਾਸ਼ਿੰਗਟਨ ’ਚ ਇਕ ਖ਼ੁਫ਼ੀਆ ਰਿਪੋਰਟ ਆਉਣ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਸੰਭਾਵਿਤ ਤੌਰ ’ਤੇ ਟਕਰਾਅ ਨੂੰ ਲੈ ਕੇ ਬਹਿਸ ਛਿੜਨ ’ਤੇ ਟਰੰਪ ਦੇ ਇਸ ਟਵੀਟ ਨੇ ਅਮਰੀਕਾ ਵਿਚ ਇਸ ਡਰ ਨੂੰ ਹੋਰ ਹਵਾ ਦਿਤੀ ਹੈ। ਦੋਵੇਂ ਦੇਸ਼ ਇਕ ਦੂਜੇ ਵਿਰੁਧ ਜੰਗ ਲੜ ਸਕਦੇ ਹਨ। ਅਮਰੀਕੀ ਖ਼ੁਫ਼ੀਆ ਰਿਪੋਰਟਾਂ ਮੁਤਾਬਕ ਈਰਾਨ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਮਹੱਤਵਪੂਰਨ ਸੰਸਥਾਵਾਂ ਅਤੇ ਜ਼ਾਇਦਾਦ ’ਤੇ ਹਮਲਾ ਕਰ ਸਕਦਾ ਹੈ।

ਇਕ ਰਿਪੋਰਟ ਵਿਚ ਅਮਰੀਕੀ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਫ਼ਾਰਸੀ ਖਾੜੀ ਵਿਚ ਈਰਾਨੀ ਵਪਾਰਕ ਜਹਾਜ਼ਾਂ ਦੀਆਂ ਜਿਹੜੀਆਂ ਤਸਵੀਰਾਂ ਆਈਆਂ ਹਨ। ਉਨ੍ਹਾਂ ਨੂੰ ਵੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਵਪਾਰਕ ਜਹਾਜ਼ਾਂ ਦੀ ਆੜ ਵਿਚ ਯੁੱਧ ਦਾ ਸਮਾਨ ਤੇ ਮਿਜ਼ਾਈਲਾਂ ਨੂੰ ਲਿਜਾਇਆ ਜਾ ਰਿਹਾ ਹੋਵੇ। ਹਾਲਾਂਕਿ ਇਸ ਬਾਰੇ ਅਮਰੀਕੀ ਸਰਕਾਰ ਨੇ ਅਜੇ ਤੱਕ ਕੋਈ ਸਬੂਤ ਨਹੀਂ ਦਿਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਜਿਸ ਤਰ੍ਹਾਂ ਫ਼ਾਰਸ ਖਾੜੀ ਤੋਂ ਬਾਹਰ ਈਰਾਨੀ ਸਮਰਥਿਤ ਸੈਨਿਕ ਬਲਾਂ ਵਲੋਂ ਜਹਾਜ਼ਾਂ ਦੀ ਮੁਵਮੈਂਟ ਹੋ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਅਤੇ ਈਰਾਨ ਦਰਮਿਆਨ ਪ੍ਰਮਾਣੂ ਹਥਿਆਰਾਂ ਬਾਰੇ ਤਣਾਅ ਬਣਿਆ ਹੋਇਆ ਹੈ। ਪਹਿਲਾਂ ਈਰਾਨ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਅਮਰੀਕਾ ਨੇ ਕਈ ਦੇਸ਼ਾਂ ਨੂੰ ਉਸ ਨਾਲ ਵਪਾਰਕ ਸਬੰਧ ਤੋੜਨ ਲਈ ਕਿਹਾ ਸੀ, ਜਿਸ ਵਿਚ ਭਾਰਤ ਵੀ ਸ਼ਾਮਲ ਸੀ।

ਅਮਰੀਕਾ ਨੇ ਭਾਰਤ ਦੇ ਈਰਾਨ ਤੋਂ ਤੇਲ ਖਰੀਦਣ ਦੀ ਛੂਟ ਨੂੰ ਵੀ ਖ਼ਤਮ ਕਰ ਦਿਤਾ ਸੀ। ਉਧਰ ਈਰਾਨ ਦਾ ਵੀ ਕਹਿਣਾ ਹੈ ਕਿ ਉਹ ਆਸਾਨੀ ਨਾਲ ਖਾੜੀ ਦੇਸ਼ਾਂ ਵਿਚ ਅਮਰੀਕੀ ਹਵਾਈ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਈਰਾਨ ਦੇ ਡਿਪਲੋਮੈਟ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਅਮਰੀਕੀ ਪਾਬੰਦੀਆਂ ਨੂੰ ਹਟਾਇਆ ਜਾਵੇ ਅਤੇ ਪ੍ਰਮਾਣੂ ਸੋਧ ਦੇ ਮਾਮਲੇ ਵਿਚ ਅਮਰੀਕਾ ਦੇ ਵਿਰੋਧ ਨੂੰ ਘੱਟ ਕਰਵਾਇਆ ਜਾਵੇ ਪਰ ਗੱਲ ਬਣਦੀ ਨਜ਼ਰ ਨਹੀਂ ਆ ਰਹੀ।