ਕੈਨੇਡਾ 'ਚ ਖ਼ਾਲਿਸਤਾਨੀ ਸਮਰਥਕਾਂ ਵਲੋਂ ਪਾਕਿ ਫ਼ੌਜ ਮੁਖੀ ਦਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਿਚ ਹਾਂ-ਪੱਖੀ ਭੂਮਿਕਾ ਲਈ ਕੈਨੇਡਾ ਦੇ ਕੁਝ ਖ਼ਾਲਿਸਤਾਨ-ਪੱਖੀ ਸਮਰਥਕਾਂ ਨੇ 'ਸਿੱਖ ਕਮਿਊਨਿਟੀ' ਦੇ ਬੈਨਰ ਹੇਠ....

Canada

ਨਵੀਂ ਦਿੱਲੀ (ਭਾਸ਼ਾ) : ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਿਚ ਹਾਂ-ਪੱਖੀ ਭੂਮਿਕਾ ਲਈ ਕੈਨੇਡਾ ਦੇ ਕੁਝ ਖ਼ਾਲਿਸਤਾਨ-ਪੱਖੀ ਸਮਰਥਕਾਂ ਨੇ 'ਸਿੱਖ ਕਮਿਊਨਿਟੀ' ਦੇ ਬੈਨਰ ਹੇਠ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਬਾਜਵਾ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਵੱਲੋਂ ਇਹ ਸਨਮਾਨ ਟੋਰਾਂਟੋ ਸਥਿਤ ਪਾਕਿ ਕੌਂਸਲ ਜਨਰਲ ਇਮਰਾਨ ਅਹਿਮਦ ਸਿੱਦੀਕੀ ਨੇ ਹਾਸਲ ਕੀਤਾ ਹੈ। ਖ਼ਾਲਿਸਤਾਨੀ ਸਮਰਥਕਾਂ ਵੱਲੋਂ ਪਾਕਿ ਫ਼ੌਜ ਮੁਖੀ ਨੂੰ ਸਨਮਾਨਿਤ ਕਰਨ ਮਗਰੋਂ ਖ਼ਾਲਿਸਤਾਨੀਆਂ ਅਤੇ ਪਾਕਿਸਤਾਨ ਦੀ ਮਿਲੀਭੁਗਤ ਹੋਣ ਦੀਆਂ ਗੱਲਾਂ ਫਿਰ ਤੋਂ ਉਠਣੀਆਂ ਸ਼ੁਰੂ ਹੋ ਗਈਆਂ ਹਨ।

ਪਰ ਸੋਸ਼ਲ ਮੀਡੀਆ 'ਤੇ ਕੁੱਝ ਸਿੱਖ ਸੰਗਠਨਾਂ ਵਲੋਂ ਇਸ ਦਾ ਇਹ ਕਹਿ ਕੇ ਜਵਾਬ ਦਿਤਾ ਜਾ ਰਿਹੈ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਅਪਣੇ ਕੱਟੜ ਦੁਸ਼ਮਣ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੂੰ ਜੱਫ਼ੀ ਪਾ ਸਕਦੇ ਹਨ ਤਾਂ ਸਿੱਖ ਅਪਣੀ ਚਿਰੋਕਣੀ ਮੰਗ ਪੂਰੀ ਹੋਣ 'ਤੇ ਅਜਿਹਾ ਕਿਉਂ ਨਹੀਂ ਕਰ ਸਕਦੇ? ਕਿਉਂ ਹਰ ਵਾਰ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਤੋਂ ਵੱਡੀ ਖ਼ਬਰ ਸਿੱਖਾਂ ਲਈ ਸ਼ਾਇਦ ਕੋਈ ਨਹੀਂ ਹੋ ਸਕਦੀ। ਬਾਬੇ ਨਾਨਕ ਦੀ ਪਵਿੱਤਰ ਧਰਤੀ ਨਾਲ ਜੁੜਨ ਦੀ ਖ਼ੁਸ਼ੀ ਵਿਚ  ਸਿੱਖ ਪਾਕਿਸਤਾਨ ਦੀ ਹਰ ਕੋਝੀ ਹਰਕਤ ਨੂੰ ਭੁਲਾਉਣ ਲਈ ਵੀ ਤਿਆਰ ਹਨ,

ਪਰ ਕੁੱਝ ਲੋਕਾਂ ਤੋਂ ਸਿੱਖਾਂ ਦੀ ਇਹ ਖ਼ੁਸ਼ੀ ਬਰਦਾਸ਼ਤ ਨਹੀਂ ਹੋ ਰਹੀ। ਉਂਝ ਦੇਖਿਆ ਜਾਵੇ ਤਾਂ ਭਾਰਤ ਸਰਕਾਰ ਵੀ ਉਪਰਲੇ ਮਨੋਂ ਹੀ ਕਰਤਾਰਪੁਰ ਲਾਂਘੇ ਦੇ ਯਤਨ ਕਰਨ ਵਿਚ ਲੱਗੀ ਹੋਈ ਹੈ। ਸਿੱਧੂ ਵਲੋਂ ਪਾਕਿ ਫ਼ੌਜ ਮੁਖੀ ਨੂੰ ਪਾਈ ਜੱਫ਼ੀ 'ਤੇ ਕੀਤਾ ਜਾਣ ਵਾਲਾ ਵਿਰੋਧ ਤੇ ਉਨ੍ਹਾਂ ਦੀ ਪਾਕਿ ਨੂੰ ਫੇਰੀ ਬੇਵਜ੍ਹਾ ਨਿਸ਼ਾਨਾ ਬਣਾਇਆ ਜਾਣਾ ਸਿੱਖਾਂ ਵਿਰੁਧ ਨਫ਼ਰਤ ਹੀ ਤਾਂ ਹੈ। ਦਸ ਦਈਏ ਕਿ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਉਹ ਮੁਕੱਦਸ ਅਸਥਾਨ ਹੈ, ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਬਾਬਾ ਨਾਨਕ ਨੇ ਅਪਣੇ ਜੀਵਨ ਦੇ 18 ਵਰ੍ਹੇ ਬਿਤਾਏ। ਭਾਰਤ-ਪਾਕਿ ਦੀ ਵੰਡ ਮੌਕੇ ਇਹ ਅਸਥਾਨ ਪਾਕਿਸਤਾਨ ਦੇ ਹਿੱਸੇ ਆ ਗਿਆ ਸੀ।

ਇਹ ਲਾਂਘਾ ਭਾਰਤ ਸਥਿਤ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਕਰਤਾਰਪੁਰ ਸਾਹਿਬ ਨੂੰ ਆਪਸ ਵਿਚ ਜੋੜੇਗਾ, ਪਰ ਇਸ ਵਿਚ ਰੋੜੇ ਅਟਕਾਏ ਜਾਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਫਿਰ ਵੀ ਸਿੱਖਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਇਹ ਮੰਗ ਜ਼ਰੂਰ ਪੂਰੀ ਹੋਵੇਗੀ। ਸਿੱਖ ਸੰਗਠਨਾਂ ਦਾ ਕਹਿਣੈ ਕਿ ਬੇਸ਼ੱਕ ਭਾਰਤ ਦੀ ਪਾਕਿਸਤਾਨ ਨਾਲ ਦੁਸ਼ਮਣੀ ਹੈ ਪਰ ਉਸ ਨੂੰ ਕਰਤਾਰਪੁਰ ਲਾਂਘੇ ਦੇ ਮੁੱਦੇ 'ਤੇ ਸਿਆਸਤ ਕਰਨੋਂ ਗੁਰੇਜ਼ ਕਰਨਾ ਚਾਹੀਦੈ।  

Related Stories