ਅਕਾਲੀ ਦਲ ਅੰਦਰੋਂ ਉਠੀ ਇਕ ਹੋਰ ਵਿਰੋਧੀ ਸੁਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਇਕ ਪਾਸੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਲੈ ਕੇ ਲਗਦੇ ਦੋਸ਼ਾਂ ਵਿਚ ਬੁਰੀ ਤਰ੍ਹਾਂ ਘਿਰਿਆ ਪਿਆ ਹੈ.........

Avtar Singh Makkar

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਇਕ ਪਾਸੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਲੈ ਕੇ ਲਗਦੇ ਦੋਸ਼ਾਂ ਵਿਚ ਬੁਰੀ ਤਰ੍ਹਾਂ ਘਿਰਿਆ ਪਿਆ ਹੈ, ਦੂਜੇ ਪਾਸੇ ਦਲ ਦੇ ਅੰਦਰੋਂ ਹੀ ਬਗ਼ਾਵਤੀ ਸੁਰਾਂ ਉਠਣ ਲੱਗ ਪਈਆਂ ਹਨ। ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਵਿਧਾਨ ਸਭਾ 'ਚੋਂ ਬਹਿਸ ਵੇਲੇ ਗ਼ੈਰ ਹਾਜ਼ਰ ਰਹਿਣਾ ਕਿਸੇ ਤਰ੍ਹਾਂ ਵੀ ਦਰੁੱਸਤ ਨਹੀਂ ਕਿਹਾ ਜਾ ਸਕਦਾ। ਉਹ ਇਕ ਟੀ.ਵੀ. ਚੈਨਲ ਵਲੋਂ ਕਰਵਾਏ ਬਹਿਸ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਸਨ।

ਕਾਂਗਰਸ ਨੂੰ ਮੋੜਵੀਂ ਟੱਕਰ ਦੇਣ ਦੀ ਇਕ ਰਣਨੀਤੀ ਤਹਿਤ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਵਿਚ ਕੈਪਟਨ ਸਰਕਾਰ, ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਵਿਰੋਧ ਵਿਚ ਪੂਤਲੇ ਫੂਕੇ ਜਾ ਰਹੇ ਹਨ ਤਾਂ ਅਵਤਾਰ ਸਿੰਘ ਮੱਕੜ ਦਾ ਬਗ਼ਾਵਤੀ ਬਿਆਨ ਹਾਈ ਕਮਾਂਡ ਲਈ ਨਵੀਂ ਸਿਰਦਰਦੀ ਬਣ ਕੇ ਸਾਹਮਣੇ ਆਇਆ ਹੈ। ਸ. ਮੱਕੜ ਨੇ ਕਿਹਾ ਕਿ ਉਹ ਅਕਾਲੀ ਦਲ ਵਲੋਂ ਫੂਕੇ ਜਾ ਰਹੇ ਪੁਤਲਿਆਂ ਦੇ ਹੱਕ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫ਼ੀ ਵਿਚ ਪੁਤਲਾ ਫੂਕਣ ਦੀ ਕੋਈ ਥਾਂ ਨਹੀਂ ਹੈ।

ਲੋੜ ਤਾਂ ਅੱਜ ਸਾਰੀਆਂ ਸਿਆਸੀ ਤੇ ਧਾਰਮਕ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਹੈ, ਬਜਾਏ ਕਿ ਸੜਕ 'ਤੇ ਉਤਰ ਕੇ ਪੁਤਲੇ ਫੂਕੇ ਜਾਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵਿਧਾਨ ਸਭਾ 'ਚੋਂ ਉਸ ਸਮੇਂ ਬਾਈਕਾਟ ਨਹੀਂ ਕਰਨਾ ਚਾਹੀਦਾ ਸੀ ਸਗੋਂ ਅੰਦਰ ਬੈਠ ਕੇ ਬਹਿਸ ਕਰਨੀ ਚਾਹੀਦੀ ਸੀ। ਸ. ਮੱਕੜ ਨੇ ਕਿਹਾ ਕਿ ਉਨ੍ਹਾਂ ਨੇ ਡੇਰਾ ਸੌਦਾ ਦੇ ਮੁਆਫ਼ੀਨਾਮਾ ਸਬੰਧੀ ਅਪਣੇ ਸੁਝਾਅ ਦਿਤੇ ਸਨ ਕਿ ਮਾਫ਼ੀ ਇਸ ਤਰ੍ਹਾਂ ਨਹੀਂ ਦਿਤੀ ਜਾਣੀ ਚਾਹੀਦੀ ਅਤੇ ਨਾਲ ਹੀ ਕਿਹਾ ਕਿ ਅਜਿਹਾ ਫ਼ੈਸਲਾ ਲੈਣ ਤੋਂ ਪਹਿਲਾਂ ਸਾਰੀਆਂ ਸਿੱਖ ਜਥੇਬੰਦੀਆਂ ਦੀ ਸਹਿਮਤੀ ਲਈ ਜਾਵੇ।

ਉਨ੍ਹਾਂ ਕਿਹਾ ਕਿ ਉਹ ਕਦੇ ਵੀ ਡੇਰਾ ਸੌਦਾ ਦੀ ਮਾਫ਼ੀ ਦੇ ਹੱਕ ਵਿਚ ਨਹੀਂ ਸਨ। ਇਸ ਤੋਂ ਪਹਿਲਾਂ ਜਥੇ. ਤੋਤਾ ਸਿੰਘ ਵੀ ਅਕਾਲੀ ਵਿਧਾਇਕਾਂ ਵਲੋਂ ਸਦਨ ਦੇ ਬਾਹਰ ਰਹਿਣ ਦੇ ਵਿਰੋਧ 'ਚ ਬੋਲ ਚੁੱਕੇ ਹਨ। ਦਿੱਲੀ ਅਕਾਲੀ ਦਲ ਦੇ ਨੇਤਾ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਜਥੇ. ਅਵਤਾਰ ਸਿੰਘ ਮੱਕੜ ਨੇ ਸੱਚ ਬੋਲਿਆ ਹੈ ਅਤੇ ਅਕਾਲੀਆਂ ਦੀ ²ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬੇਲੋੜੀ ਦਖ਼ਲਅੰਦਾਜ਼ੀ ਰਹੀ ਹੈ।