ਗਿਆਨੀ ਗੁਰੁਮਖ ਸਿੰਘ ਨੂੰ ਮੁੜ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਲਗਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਦੀ ਤਰੱਕੀ ਕਰ ਕੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ...............

Giani Gurmukh Singh

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਦੀ ਤਰੱਕੀ ਕਰ ਕੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਤੇ ਉਨ੍ਹਾਂ ਦੀ ਜਗ੍ਹਾ 'ਤੇ ਪਿਛਲੇ ਸਮੇਂ ਦੌਰਾਨ ਵਿਵਾਦਾਂ ਵਿਚ ਰਹੇ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਨਿਯੁਕਤ ਕਰ ਦਿਤਾ ਹੈ ਤੇ ਉਹ ਹਰਿਆਣੇ ਤੋਂ ਵਾਪਸ ਪਰਤ ਰਹੇ ਹਨ ਤੇ ਅੱਜ ਹੀ ਅਪਣਾ ਅਹੁਦਾ ਸੰਭਾਲ ਲੈਣਗੇ। ਸੌਦਾ ਸਾਧ ਨੂੰ ਮਾਫ਼ੀ ਦਿਤੇ ਜਾਣ ਤੋਂ ਬਾਅਦ ਤੱਤਕਾਲੀ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਹੋਈਆਂ ਚੰਡੀਗੜ੍ਹ ਵਿਖੇ ਮੀਟਿੰਗਾਂ ਦੀ ਪਟਾਰੀ ਜਨਤਾ ਦੀ ਕਚਹਿਰੀ ਵਿਚ ਖੋਹਲਣ ਵਾਲੇ ਤੱਤਕਾਲੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਕਾਰਜਕਾਰੀ

ਜਥੇਦਾਰ ਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਪਹਿਲਾਂ 'ਜਥੇਦਾਰੀ' ਤੋਂ ਹਟਾ ਕੇ ਉਨ੍ਹਾਂ ਦਾ ਥਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਤੇ ਫਿਰ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਵੀ ਹਟਾ ਕੇ ਹਰਿਆਣਾ ਦੇ ਇਕ ਗੁਰਦਵਾਰਾ ਵਿਚ ਹੈੱਡ ਗ੍ਰੰਥੀ ਲਗਾ ਦਿਤਾ ਸੀ ਤੇ ਕਰੀਬ ਦੋ ਸਾਲ ਦਾ ਲੰਮਾ ਸੰਤਾਪ ਭੋਗਣ ਉਪਰੰਤ ਉਨ੍ਹਾਂ ਦੀ ਘਰ ਵਾਪਸੀ ਹੋਈ ਹੈ। ਇਹ ਘਰ ਵਾਪਸੀ ਕਿਹੜੇ ਸਮਝੌਤੇ ਤਹਿਤ ਹੋਈ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਸ. ਬਾਦਲ ਦੀ ਇੱਛਾ ਤੋਂ ਬਗ਼ੈਰ ਇਹ ਕਾਰਜ ਨਹੀਂ ਹੋ ਸਕਦਾ। 

ਗਿਆਨੀ ਗੁਰਮੁਖ ਸਿੰਘ ਨੂੰ ਇਕਦਮ ਫ਼ੈਸਲਾ ਕਰ ਕੇ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾਣਾ ਹੈਰਾਨੀਜਨਕ ਫ਼ੈਸਲਾ ਹੈ। ਉਹ ਕਰੀਬ ਦੋ ਸਾਲ ਦੇ ਬਨਵਾਸ ਤੋਂ ਬਾਅਦ ਘਰ ਵਾਪਸ ਪਰਤ ਰਹੇ ਹਨ। ਜਦੋਂ ਗਿਆਨੀ ਗੁਰਮੁਖ ਸਿੰਘ ਨੇ ਸੌਦਾ ਸਾਧ ਦੀ ਮਾਫ਼ੀ ਦਾ ਭਾਂਡਾ ਚੁਰਾਹੇ ਵਿਚ ਭੰਨਿਆ ਸੀ ਤਾਂ ਉਸ ਸਮੇਂ ਤਾਂ ਇੰਜ ਜਾਪਦਾ ਸੀ ਕਿ ਉਨ੍ਹਾਂ ਦੀ ਛੁੱਟੀ ਕਰ ਦਿਤੀ ਜਾਵੇਗੀ

ਪਰ ਡਾ. ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਦਾ ਬਚਾਅ ਕਰ ਦਿਤਾ ਸੀ।  ਉਸ ਸਮੇਂ ਉਹਨਾਂ ਕੋਲੋਂ ਮਕਾਨ ਖ਼ਾਲੀ ਕਰਾਉਣ ਦੇ ਵੀ ਯਤਨ ਕੀਤੇ ਗਏ ਤੇ ਉਨ੍ਹਾਂ ਦੇ ਘਰ ਦਾ ਬਿਜਲੀ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿਤਾ ਗਿਆ। ਗਿਆਨੀ ਗੁਰਮੁਖ ਸਿੰਘ ਦੀ ਘਰ ਵਾਪਸੀ ਤੋਂ ਬਾਅਦ ਪੰਜ ਪਿਆਰਿਆਂ ਦੀਆਂ ਸੇਵਾਵਾਂ ਵੀ ਕਿਸੇ ਵੇਲੇ ਵੀ ਬਹਾਲ ਹੋ ਸਕਦੀਆਂ ਹਨ।

Related Stories