ਸੁਖਬੀਰ ਵਲੋਂ ਦੁਰਲੱਭ ਦਸਤਾਵੇਜ਼ਾਂ ਦੀ ਵਾਪਸੀ ਦੀ ਮੰਗ ਨੇ ਪੰਥਕ ਹਲਕਿਆਂ 'ਚ ਛੇੜੀ ਅਜੀਬ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਾਜਪਾਈ ਅਤੇ ਮੋਦੀ ਦੀਆਂ ਸਰਕਾਰਾਂ ਮੌਕੇ ਕਿਉਂ ਚੁੱਪ ਰਹੇ ਬਾਦਲ : ਪ੍ਰੋ. ਘੱਗਾ

Sukhbir Singh Badal

ਕੋਟਕਪੂਰਾ : ਬੇਅਦਬੀ ਕਾਂਡ ਤੋਂ ਬਾਅਦ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰ ਕੋਟਕਪੂਰਾ 'ਚ ਵਾਪਰੀਆਂ ਪੁਲਿਸੀਆ ਅੱਤਿਆਚਾਰ ਦੀਆਂ ਘਟਨਾਵਾਂ 'ਚ ਅਕਾਲੀ ਦਲ ਬਾਦਲ ਦੀ ਕਿਰਕਰੀ ਹੋਣ ਤੋਂ ਬਾਅਦ ਭਾਵੇਂ ਬੇਅਦਬੀ ਕਾਂਡ 'ਚ ਡੇਰਾ ਪ੍ਰੇਮੀਆਂ ਦਾ ਨਾਂ ਆਉਣ ਦੇ ਬਾਵਜੂਦ ਵੀ ਬਾਦਲਾਂ ਸਮੇਤ ਕਿਸੇ ਵੀ ਅਕਾਲੀ ਆਗੂਆਂ ਨੇ ਡੇਰਾ ਪ੍ਰੇਮੀਆਂ ਵਿਰੁਧ ਇਕ ਬਿਆਨ ਤਕ ਜਾਰੀ ਕਰਨ ਦੀ ਜ਼ਰੂਰਤ ਨਾ ਸਮਝੀ, ਇਸ ਬਾਰੇ ਵੀ ਕਾਫ਼ੀ ਸਮਾਂ ਸੋਸ਼ਲ ਮੀਡੀਆ ਰਾਹੀਂ ਰੌਲਾ-ਰੱਪਾ ਪੈਂਦਾ ਰਿਹਾ ਪਰ ਹੁਣ ਸੁਖਬੀਰ ਸਿੰਘ ਬਾਦਲ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਸਾਕਾ ਨੀਲਾ ਤਾਰਾ ਦੀ ਕਾਰਵਾਈ ਦੌਰਾਨ ਫ਼ੌਜ ਵਲੋਂ ਚੁੱਕੇ ਗਏੇ ਦੁਰਲੱਭ ਦਸਤਾਵੇਜ਼ਾਂ ਦੀ ਵਾਪਸੀ ਅਤੇ ਧਰਮੀ ਫੌਜੀਆਂ ਦੇ ਮੁੜ ਵਸੇਬੇ ਦੀ ਮੰਗ ਵਾਲੀਆਂ ਗੱਲਾਂ ਨੇ ਪੰਥਕ ਹਲਕਿਆਂ 'ਚ ਅਜੀਬ ਚਰਚਾ ਛੇੜ ਦਿਤੀ ਹੈ। 

ਪੰਥਕ ਹਲਕੇ ਬਾਦਲਾਂ ਸਮੇਤ ਸਮੁੱਚੇ ਅਕਾਲੀ ਆਗੂਆਂ ਨੂੰ ਪੁੱਛ ਰਹੇ ਹਨ ਕਿ ਜਦ ਕੇਂਦਰ 'ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸੀ, ਅਕਾਲੀ ਦਲ ਵੀ ਉਸ ਵਿਚ ਭਾਈਵਾਲ ਸੀ ਅਤੇ ਖ਼ੁਦ ਸੁਖਬੀਰ ਸਿੰਘ ਬਾਦਲ ਉਸ ਸਰਕਾਰ 'ਚ ਕੇਂਦਰੀ ਮੰਤਰੀ ਸਨ ਤਾਂ ਉਸ ਸਮੇਂ ਇਹ ਗੱਲਾਂ ਯਾਦ ਕਿਉਂ ਨਾ ਆਈਆਂ? ਕੀ ਸੁਖਬੀਰ ਬਾਦਲ ਹੁਣ 35 ਸਾਲਾਂ ਬਾਅਦ ਇਹ ਡਰਾਮੇਬਾਜੀ ਕਰ ਕੇ ਅਪਣੀ ਸਥਿਤੀ ਹਾਸੋਹੀਣੀ ਤਾਂ ਨਹੀਂ ਬਣਾ ਰਹੇ?

ਇਨਕਲਾਬੀ ਲੇਖਕ, ਪ੍ਰਸਿੱਧ ਕਥਾਕਾਰ ਤੇ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਅਤੇ ਦਰਬਾਰ-ਇ-ਖ਼ਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ ਕਿ ਜਦ ਦੁਨੀਆਂ ਦੇ ਕੋਨੇ-ਕੋਨੇ ਵਿਚ ਵਸਦੀਆਂ ਸਿੱਖ ਸੰਗਤਾਂ 6 ਜੂਨ ਨੂੰ ਅਕਾਲ ਤਖ਼ਤ ਵਿਖੇ ਘੱਲੂਘਾਰਾ ਦਿਵਸ ਮੌਕੇ ਹੋਣ ਵਾਲੇ ਸਮਾਗਮ 'ਤੇ ਅੱਖਾਂ ਗੱਢ ਕੇ ਰਖਦੀਆਂ ਹਨ ਅਤੇ ਹਰ ਸਾਲ ਟਕਰਾਅ ਵਾਲੀ ਸਥਿਤੀ ਬਣੀ ਰਹਿੰਦੀ ਹੈ ਤਾਂ ਉਸ ਸਮੇਂ 6 ਜੂਨ ਵਾਲੇ ਦਿਨ ਅੰਮ੍ਰਿਤਸਰ ਦੀ ਬਜਾਇ ਸੁਖਬੀਰ ਬਾਦਲ ਵਲੋਂ ਦਿੱਲੀ ਜਾਣਾ ਅਤੇ ਉਥੇ ਜਾ ਕੇ ਡਰਾਮੇਬਾਜ਼ੀ ਕਰਨੀ, ਦਸਿਆ ਜਾਵੇ ਕਿ ਬਾਦਲ ਪਰਵਾਰ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਹੈ?

ਉਨ੍ਹਾਂ ਪੁਛਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਤੁਹਾਡੀ ਭਾਈਵਾਲ ਪਾਰਟੀ ਦੀ ਭਾਜਪਾ ਸਰਕਾਰ 'ਚ ਤੁਹਾਡੀ ਪਤਨੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਪਿਛਲੇ 5 ਸਾਲ ਚੁੱਪ ਕਿਉਂ ਰਹੀ? ਹੁਣ ਤੁਹਾਡੀ ਥਾਂ ਤੁਹਾਡੀ ਪਤਨੀ ਲੋਕ ਸਭਾ 'ਚ ਅਪਣੇ ਭਾਸ਼ਨ ਰਾਹੀਂ ਸਾਰਿਆਂ ਦੇ ਸਾਹਮਣੇ ਇਹ ਦੁਰਲੱਭ ਦਸਤਾਵੇਜ਼ ਵਾਪਸ ਕਰਨ ਦੀ ਮੰਗ ਕਿਉਂ ਨਹੀਂ ਕਰਦੀ? ਅਕਾਲੀ ਦਲ ਬਾਦਲ ਵਲੋਂ 4 ਫ਼ਰਵਰੀ 2017 ਵਿਚ ਵਿਧਾਨ ਸਭਾ ਹਲਕਾ ਪਟਿਆਲਾ ਤੋਂ ਚੋਣ ਲੜਨ ਵਾਲੇ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਤੋਂ ਤੁਸੀ ਫ਼ੌਜ ਕੋਲ ਹੋਣ ਵਾਲੇ ਦੁਰਲੱਭ ਦਸਤਾਵੇਜ਼ਾਂ ਬਾਰੇ ਜਾਣਕਾਰੀ ਹਾਸਲ ਕਿਉਂ ਨਾ ਕੀਤੀ? ਉਨ੍ਹਾਂ ਦਾਅਵਾ ਕੀਤਾ ਕਿ ਹੁਣ ਬਾਦਲਾਂ ਦੀ ਡਰਾਮੇਬਾਜ਼ੀ ਤੋਂ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਜਾਣੂ ਹੋ ਚੁੱਕੀਆਂ ਹਨ।

ਧਰਮੀ ਫ਼ੌਜੀ ਵੈਲਫ਼ੇਅਰ ਐਸੋਸੀਏਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਅੰਮ੍ਰਿਤਸਰ, ਜ਼ਿਲ੍ਹਾ ਫ਼ਰੀਦਕੋਟ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ ਅਤੇ ਸੁਰੈਣ ਸਿੰਘ ਜਿਲਾ ਜਥੇਦਾਰ ਬਠਿੰਡਾ ਨੇ ਸੁਖਬੀਰ ਬਾਦਲ ਦੀ ਉਕਤ ਕਾਰਵਾਈ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀਆਂ ਨੂੰ ਸਾਕਾ ਨੀਲਾ ਤਾਰਾ ਅਪ੍ਰੇਸ਼ਨ ਤੋਂ ਬਾਅਦ ਚਾਰ ਵਾਰ ਅਰਥਾਤ 1985, 1997, 2007, 2012 'ਚ ਸੱਤਾ ਦਾ ਆਨੰਦ ਮਾਨਣ ਦੀ ਮੌਕਾ ਮਿਲਿਆ, ਇਨਾਂ 'ਚੋਂ ਤਿੰਨ ਵਾਰ ਬਾਦਲਾਂ ਦੀ ਅਗਵਾਈ ਵਾਲੀਆਂ ਅਕਾਲੀ ਸਰਕਾਰਾਂ ਬਣੀਆਂ ਪਰ ਕਿਸੇ ਨੇ ਵੀ ਧਰਮੀ ਫ਼ੌਜੀਆਂ ਦੀ ਸਾਰ ਲੈਣ ਦੀ ਜ਼ਰੂਰਤ ਨਾ ਸਮਝੀ।

ਉਨ੍ਹਾਂ ਯਾਦ ਕਰਾਇਆ ਕਿ ਸਿੱਖ ਫ਼ੌਜੀਆਂ ਨੂੰ ਬੈਰਕਾਂ ਛੱਡਣ ਦੀ ਅਪੀਲ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਪਰ ਬੈਰਕਾਂ ਛੱਡਣ ਤੋਂ ਬਾਅਦ ਸਮੇਂ ਦੀ ਹਕੂਮਤ ਦੇ ਨਾਲ-ਨਾਲ ਬਾਦਲ ਸਰਕਾਰ ਸਮੇਤ ਸ਼੍ਰ੍ਰੋਮਣੀ ਕਮੇਟੀ ਨੇ ਵੀ ਧਰਮੀ ਫ਼ੌਜੀਆਂ ਨੂੰ ਬਰਾਬਰ ਜ਼ਲੀਲ ਕੀਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਸਾਕਾ ਨੀਲਾ ਤਾਰਾ ਦੇ ਦੁਰਲੱਭ ਦਸਤਾਵੇਜ਼ਾਂ ਅਤੇ ਧਰਮੀ ਫ਼ੌਜੀਆਂ ਦੇ ਮੁੱਦੇ 'ਤੇ ਹੌਛੀ ਰਾਜਨੀਤੀ ਸ਼ੋਭਾ ਨਹੀਂ ਦਿੰਦੀ, ਇਸ ਲਈ ਭਵਿੱਖ ਵਿਚ ਬਾਦਲ ਧਰਮੀ ਫ਼ੌਜੀਆਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਣ ਦੀ ਸ਼ਰਮਨਾਕ ਹਰਕਤ ਕਰਨ ਤੋਂ ਗੁਰੇਜ਼ ਕਰੇ।