ਸਾਕਾ ਨੀਲਾ ਤਾਰਾ ਮੌਕੇ ਫ਼ੌਜ ਨੂੰ ਦਿਤਾ ਹੁਕਮ ਅਤੇ ਬਹਿਬਲ ਕਲਾਂ 'ਚ ਗੋਲੀ ਚਲਾਉਣ ਦਾ ਹੁਕਮ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਨਵਜੋਤ ਸਿੰਘ ਸਿੱਧੂ ਵਲੋਂ ਕੋਟਕਪੂਰਾ ਵਿਚ ਵਿਰੋਧ ਦਾ ਪੂਰਾ ਵੀਡੀਉ ਜਨਤਕ ਕਰਨ ਨੂੰ ਅਪਣੇ ਵਿਰੁਧ ਹੀ ਚੁਕਿਆ ਕਦਮ ਆਖਿਆ ਜਾ ਰਿਹਾ ਹੈ...............

Behbal Kalan

ਨਵਜੋਤ ਸਿੰਘ ਸਿੱਧੂ ਵਲੋਂ ਕੋਟਕਪੂਰਾ ਵਿਚ ਵਿਰੋਧ ਦਾ ਪੂਰਾ ਵੀਡੀਉ ਜਨਤਕ ਕਰਨ ਨੂੰ ਅਪਣੇ ਵਿਰੁਧ ਹੀ ਚੁਕਿਆ ਕਦਮ ਆਖਿਆ ਜਾ ਰਿਹਾ ਹੈ। ਵੀਡੀਉ ਵਿਚ ਉਹੀ ਗੱਲਾਂ ਸਾਹਮਣੇ ਆਈਆਂ ਹਨ ਕਿ ਪਹਿਲਾ ਕਦਮ ਪੁਲਿਸ ਵਲੋਂ ਚੁਕਿਆ ਗਿਆ ਸੀ। ਪਰ ਪੁਲਿਸ ਵੀ, ਉਪਰੋਂ ਮਿਲੇ ਹੁਕਮਾਂ ਅਨੁਸਾਰ, ਧਾਰਾ 144 ਲਗਾਉਣ ਲਈ ਮਜਬੂਰ ਸੀ। ਜਿਹੜੀ ਸੰਗਤ ਪੰਥਪ੍ਰੀਤ ਸਿੰਘ ਨਾਲ ਕੋਟਕਪੂਰਾ ਵਿਚ ਬੈਠੀ ਸੀ, ਉਸ ਦਾ ਚਿਹਰਾ ਵੀ ਸਾਹਮਣੇ ਆਇਆ ਹੈ ਜੋ ਵਿਖਾਉਂਦਾ ਹੈ ਕਿ ਜਦੋਂ ਪੁਲਿਸ ਨੇ ਲਾਠੀਆਂ ਵਰ੍ਹਾਉਣੀਆਂ ਸ਼ੁਰੂ ਕੀਤੀਆਂ ਤਾਂ ਲੋਕ ਭੱਜੇ ਅਤੇ ਫਿਰ ਅਪਣੀਆਂ ਡਾਂਗਾਂ ਲੈ ਕੇ ਵਾਪਸ ਆ ਗਏ ਸਨ।

ਵੀਡੀਉ ਵਿਚ ਇਕ-ਦੋ ਵਾਰਦਾਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਇਕੱਲੇ ਪੁਲਿਸ ਕਰਮਚਾਰੀ ਨੂੰ ਫੜ ਕੇ ਡਾਂਗਾਂ ਨਾਲ ਕੁਟਿਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਨੂੰ ਲੈ ਕੇ ਲੋਕ ਪੁਲਿਸ ਦੀ ਗ਼ਲਤੀ ਬਾਰੇ ਸਵਾਲ ਪੁੱਛ ਰਹੇ ਹਨ। ਪਰ ਪੁਛਿਆ ਜਾਣ ਵਾਲਾ ਸਵਾਲ ਸ਼ੁਰੂ ਤੋਂ ਇਹੀ ਹੈ ਕਿ ਜਿਸ ਭੀੜ ਨਾਲ ਸ਼ਾਂਤੀ ਨਾਲ ਨਿਪਟਿਆ ਜਾ ਸਕਦਾ ਸੀ, ਉਸ ਉਤੇ ਲਾਠੀਆਂ ਅਤੇ ਗੋਲੀਆਂ ਨਾਲ ਹਮਲਾ ਕਰਨ ਦੇ ਹੁਕਮ ਕਿਸ ਨੇ ਦਿਤੇ?

ਕਈ ਵਾਰ ਜਨਤਾ ਅਤੇ ਪੁਲਿਸ ਵਿਚਕਾਰ ਝੜਪ ਹੋ ਜਾਂਦੀ ਹੈ ਪਰ ਪੁਲਿਸ ਹਰ ਵਾਰ ਗੋਲੀ ਨਹੀਂ ਚਲਾਉਂਦੀ ਨਹੀਂ ਤਾਂ ਜੰਮੂ ਅਤੇ ਕਸ਼ਮੀਰ ਵਿਚ ਤਾਂ ਰੋਜ਼ ਪੱਥਰ ਮਾਰਨ ਵਾਲੀ ਜਨਤਾ ਉਤੇ ਹੀ ਗੋਲੀਆਂ ਚਲਦੀਆਂ ਰਹਿੰਦੀਆਂ ਅਤੇ ਗੋਲੀ ਚਲਾਉਣ ਵਾਲੀ ਪੁਲਿਸ ਨਿਰਦੋਸ਼ ਹੀ ਮੰਨੀ ਜਾਂਦੀ। ਕਸ਼ਮੀਰ ਵਿਚ ਪੁਲਿਸ ਨੇ ਹੁਕਮਾਂ ਮੁਤਾਬਕ ਹੀ ਕਦਮ ਚੁੱਕੇ। ਜਦੋਂ ਹੁਕਮ ਨਹੀਂ ਸਨ ਤਾਂ ਕਸ਼ਮੀਰ ਦੀ ਪੁਲਿਸ ਨੇ ਲੋਕਾਂ ਤੋਂ ਮਾਰ ਵੀ ਖਾਧੀ। ਜਿਹੜਾ ਸਵਾਲ ਪਹਿਲੇ ਦਿਨ ਤੋਂ ਹੀ ਪੁਛਿਆ ਜਾ ਰਿਹਾ ਹੈ ਤੇ ਜਿਸ ਦਾ ਜਵਾਬ ਏਨੀਆਂ ਜਾਂਚਾਂ ਤੋਂ ਬਾਅਦ ਵੀ ਪ੍ਰਾਪਤ ਨਹੀਂ ਹੋ ਸਕਿਆ, ਉਹ ਇਹ ਹੈ ਕਿ ਆਖ਼ਰ ਗੋਲੀ ਕਿਸ ਦੇ ਕਹਿਣ ਤੇ ਚਲਾਈ ਗਈ?

ਪੁਲਿਸ ਦਾ ਧਿਆਨ, ਜਾਨ ਮਾਲ ਦੀ ਰਾਖੀ ਤੋਂ ਹੱਟ ਕੇ, ਮੈਦਾਨ ਖ਼ਾਲੀ ਕਰਵਾਉਣ ਵਲ ਕਿਉਂ ਹੋ ਗਿਆ ਤੇ ਕਿਸ ਦੇ ਕਹਿਣ ਤੇ ਹੋਇਆ? ਜਦੋਂ ਤਕ ਇਹ ਸਵਾਲ ਹੱਲ ਨਹੀਂ ਹੁੰਦਾ, ਇਹ ਮੁੱਦਾ ਉਛਾਲ ਕੇ ਪੰਜਾਬ ਅਤੇ ਸਿੱਖਾਂ ਨੂੰ ਭਾਵੁਕ ਬਣਾਇਆ ਜਾਂਦਾ ਰਹੇਗਾ। ਇਸ ਵੇਲੇ ਸਥਿਤੀ ਉਹੀ ਨਜ਼ਰ ਆਉਂਦੀ ਹੈ ਜੋ 'ਬਲੂ-ਸਟਾਰ' ਆਪ੍ਰੇਸ਼ਨ ਵੇਲੇ ਸੀ ਜਦੋਂ ਫ਼ੌਜੀ ਅਫ਼ਸਰਾਂ ਨੇ ਇੰਦਰਾ ਗਾਂਧੀ ਕੋਲ ਬੜ੍ਹਕ ਮਾਰੀ ਸੀ

ਕਿ ''ਕੁੱਝ ਘੰਟਿਆਂ ਵਿਚ ਹੀ ਦਰਬਾਰ ਸਾਹਿਬ ਖ਼ਾਲੀ ਕਰਵਾ ਦਿਆਂਗੇ'' ਤੇ ਇਹ ਬੜ੍ਹਕ ਸੁਣ ਕੇ ਹੀ ਇੰਦਰਾ ਗਾਂਧੀ ਨੇ ਫ਼ੌਜ ਨੂੰ ਅੰਦਰ ਚਲੇ ਜਾਣ ਦਾ ਹੁਕਮ ਦੇ ਦਿਤਾ ਸੀ। ਠੀਕ ਉਸੇ ਤਰ੍ਹਾਂ ਦੀ ਬੜ੍ਹਕ ਪੰਜਾਬ ਵਾਲਿਆਂ ਨੇ ਵੀ ਮਾਰੀ ਹੋਣੀ ਹੈ ਤੇ ਇਸ ਨੂੰ ਸੁਣ ਕੇ ਹੀ ਮਾਲਕਾਂ ਨੇ ਗੋਲੀ ਚਲਾ ਦੇਣ ਦਾ ਹੁਕਮ ਦੇ ਦਿਤਾ ਹੋਵੇਗਾ। ਪਰ ਹੁਕਮ ਦਿਤਾ ਕਿਸ ਨੇ? ਬਸ ਏਨੇ ਕੁ ਸੁਆਲ ਦਾ ਜਵਾਬ ਮਿਲਣਾ ਹੀ ਤਾਂ ਬਾਕੀ ਹੈ। -ਨਿਮਰਤ ਕੌਰ

Related Stories