ਪਹਿਲਾਂ ਦਿਉ 'ਚੰਦਾ' ਫਿਰ ਰਖਿਉ ਗੁਰਦਵਾਰੇ 'ਚ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਛਲੇ ਦਿਨਾਂ ਵਿਚ ਪੰਜਾਬ ਦੇ ਇਕ ਜ਼ਿਲ੍ਹੇ ਵਿਚ ਸ਼ਮਸ਼ਾਨ ਘਾਟ ਵਿਚੋਂ ਮ੍ਰਿਤਕ ਦਲਿਤ ਦੀ ਲਾਸ਼ ਚੁਕਵਾ ਦੇਣ ਦਾ ਮਾਮਲਾ ਕਾਫ਼ੀ ਜ਼ਿਆਦਾ ਗਰਮਾਇਆ ਸੀ............

Gurdwara Sahib

ਫ਼ਿਰੋਜ਼ਪੁਰ : ਪਿਛਲੇ ਦਿਨਾਂ ਵਿਚ ਪੰਜਾਬ ਦੇ ਇਕ ਜ਼ਿਲ੍ਹੇ ਵਿਚ ਸ਼ਮਸ਼ਾਨ ਘਾਟ ਵਿਚੋਂ ਮ੍ਰਿਤਕ ਦਲਿਤ ਦੀ ਲਾਸ਼ ਚੁਕਵਾ ਦੇਣ ਦਾ ਮਾਮਲਾ ਕਾਫ਼ੀ ਜ਼ਿਆਦਾ ਗਰਮਾਇਆ ਸੀ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਐਕਸ਼ਨ ਲਿਆ ਸੀ। ਉਹ ਮਾਮਲਾ ਤਾਂ ਹਾਲੇ ਜਾਂਚ ਅਧੀਨ ਚਲ ਰਿਹਾ ਹੈ, ਪਰ ਇਸੇ ਤਰ੍ਹਾਂ ਦਾ ਹੀ ਇਕ ਤਾਜ਼ਾ ਮਾਮਲਾ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਚੱਕ ਬੁੱਢੇ ਸ਼ਾਹ ਉਰਫ਼ ਚੱਕ ਸੋਮੀਆਂ ਦਾ ਸਾਹਮਣੇ ਆਇਆ ਹੈ। ਜਿਥੋਂ ਦੇ ਇਕ ਵਿਅਕਤੀ ਨੂੰ ਇਕ ਕਰ ਕੇ ਗੁਰਦੁਆਰਾ ਸਾਹਿਬ ਜਾਣ ਤੋਂ ਰੋਕ ਦਿਤਾ ਗਿਆ, ਕਿਉਂਕਿ ਉਸ ਨੇ ਗੁਰਦੁਆਰਾ ਸਾਹਿਬ ਲਈ 'ਚੰਦਾ' ਨਹੀਂ ਸੀ ਦਿਤਾ।

'ਚੰਦਾ' ਨਾ ਦੇਣ ਵਾਲੇ ਵਿਅਕਤੀ ਦੀ 5 ਵਿਅਕਤੀਆਂ ਵਲੋਂ ਅਸਲੇ ਦੇ ਜ਼ੋਰ 'ਤੇ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ। ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ 5 ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਗਏ ਸਨ। ਗੁਰਦੁਆਰਾ ਸਾਹਿਬ ਵਿਚ ਪਹਿਲਾਂ ਤੋਂ ਮੌਜੂਦ ਦਰਬਾਰਾ ਸਿੰਘ, ਇੰਦਰਜੀਤ ਸਿੰਘ ਦੀਪ ਸਿੰਘ, ਗੁਰਬਖ਼ਸ਼ ਸਿੰਘ, ਗੁਰਬਿੰਦਰ ਸਿੰਘ ਆਦਿ ਨੇ ਇਸ ਕਰ ਕੇ ਗੁਰਦੁਆਰਾ ਸਾਹਿਬ ਵਿਚ ਕਦਮ ਰੱਖਣ ਤੋਂ ਰੋਕ ਦਿਤਾ

ਕਿਉਂਕਿ ਉਸ ਨੇ ਗੁਰਦੁਆਰਾ ਸਾਹਿਬ ਲਈ 'ਚੰਦਾ' ਨਹੀਂ ਸੀ ਦਿਤਾ। ਹਰਵਿੰਦਰ ਸਿੰਘ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਨੂੰ ਵੀ ਤਾਲਾ ਮਾਰ ਦਿਤਾ। ਹਰਵਿੰਦਰ ਨੇ ਕਿਹਾ ਕਿ ਜਦੋਂ ਉਹ ਬੀਤੀ ਸ਼ਾਮ ਘਰ ਪਹੁੰਚਿਆ ਤਾਂ ਉਕਤ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਪਹਿਲਾਂ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਾਂਦੇ ਸਮੇਂ ਉਕਤ ਵਿਅਕਤੀ ਉਸ ਨੂੰ ਧਮਕੀਆਂ ਵੀ ਦੇ ਕੇ ਗਏ। ਹਰਵਿੰਦਰ ਸਿੰਘ ਨੇ ਦਸਿਆ ਕਿ ਜ਼ਖ਼ਮੀ ਹਾਲਤ ਵਿਚ ਉਸ ਨੂੰ ਪਰਵਾਰ ਮੈਂਬਰਾਂ ਵਲੋਂ ਉਸ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਕਰਵਾਇਆ, ਜਿਥੇ ਉਸ ਦਾ ਇਲਾਜ ਚਲ ਰਿਹਾ ਹੈ। 

ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਹਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਬਾਰਾ ਸਿੰਘ, ਇੰਦਰਜੀਤ ਸਿੰਘ, ਦੀਪ ਸਿੰਘ ਪੁੱਤਰਾਨ ਦਰਬਾਰਾ ਸਿੰਘ, ਗੁਰਬਖਸ਼ ਸਿੰਘ, ਗੁਰਬਿੰਦਰ ਸਿੰਘ ਵਿਰੁਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।