ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੂੰ ਸੰਦੇਸ਼ ਦੇਣ ਸਮੇਂ ਕਾਲੀਆਂ ਝੰਡੀਆਂ ਵਿਖਾਈਆਂ
ਰੌਲੇ-ਰੱਪੇ ਦੌਰਾਨ ਕਾਰਜਕਾਰੀ ਜਥੇਦਾਰ ਨੇ ਪਲੇਠਾ ਸੰਦੇਸ਼ ਪੜ੍ਹਿਆ
ਅੰਮ੍ਰਿਤਸਰ : ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੌਮ ਦੇ ਨਾਂਅ ਸੰਦੇਸ਼ ਦੇਣ ਸਮੇਂ ਕਾਲੀਆਂ ਝੰਡੀਆਂ ਵਿਖਾਈਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਦੇ ਹੱਕ ਵਿਚ ਨਾਹਰੇ ਲਾਏ ਗਏ।
ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਦੇ ਸਿੱਖ ਕੌਮ ਦੇ ਨਾਂ ਪਲੇਠਾ ਸੰਦੇਸ਼ ਦੇਣ ਸਮੇਂ ਵਿਰੋਧਤਾ ਸਰਬੱਤ ਖ਼ਾਲਸਾ ਦੇ ਪ੍ਰਬੰਧਕ ਜਰਨੈਲ ਸਿੰਘ ਸਖੀਰਾ, ਗੁਰਜੀਤ ਸਿੰਘ, ਸਰਮੁਖ ਸਿੰਘ, ਸਰਬਜੀਤ ਸਿੰਘ, ਕਸ਼ਮੀਰ ਸਿੰਘ ਫੌਜੀ, ਹਰਦੀਪ ਸਿੰਘ ਸੰਧੂ, ਸੁਖਵਿੰਦਰ ਸਿੰਘ ਸੰਧੂ, ਬੀਬੀ ਕੁਲਵੰਤ ਕੌਰ ਆਦਿ ਨੇ ਕੀਤੀ। ਕਾਲੀਆਂ ਝੰਡੀਆਂ ਵਿਖਾਉਣ ਅਤੇ ਵਿਰੋਧਤਾ ਕਰਨ ਸਮੇਂ ਗੁਰੂ ਘਰ ਮਾਹੌਲ ਖ਼ਰਾਬ ਹੋ ਗਿਆ। ਗੁਰੂ ਘਰ ਰੌਲਾ ਰੱਪਾ ਪੈਣ ਤੇ ਸ਼ਰਧਾਲੂਆਂ, ਸੁਰੱਖਿਆ ਕਰਮਚਾਰੀਆਂ ਅਤੇ ਟਾਸਕ ਫ਼ੋਰਸ ਦਰਮਿਆਨ ਹਲਚਲ ਮਚ ਗਈ। ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਰੌਲੇ-ਰੱਪੇ ਵਿਚ ਹੀ ਸੰਦੇਸ਼ ਪੜ੍ਹਿਆ।
ਸੰਦੇਸ਼ ਪੜ੍ਹਨ ਸਮੇਂ ਨਾਹਰੇਬਾਜ਼ੀ ਚਲਦੀ ਰਹੀ। ਇਸ ਮੌਕੇ ਜਰਨੈਲ ਸਿੰਘ ਸਖੀਰਾ ਦੀ ਕਮਾਂਡ ਹੇਠ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦਾ ਸਿੱਖ ਕੌਮ ਨਾਲ ਸਬੰਧਤ ਸੰਦੇਸ਼ ਵੰਡਿਆ ਗਿਆ। ਜਰਨੈਲ ਸਿੰਘ ਸਖੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਹਨ, ਜੋ ਤਿਹਾੜ ਜੇਲ ਵਿਚ ਬੰਦ ਹਨ। ਉਨ੍ਹਾਂ ਸ਼ਪਸ਼ਟ ਕੀਤਾ ਕਿ ਬਾਦਲਾਂ ਵਲੋਂ ਲਾਏ ਗਏ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਉਹ ਪੰਥਕ ਦਲ ਮਾਨਤਾ ਨਹੀਂ ਦਿੰਦੇ। ਜਥੇਦਾਰ ਹਵਾਰਾ ਦੀ ਗ਼ੈਰ ਹਾਜ਼ਰੀ ਵਿਚ ਧਿਆਨ ਸਿੰਘ ਮੰਡ ਸਿੱਖ ਕੌਮ ਦੇ ਮਸਲੇ ਵੇਖ ਰਹੇ ਹਨ।
ਗਿ. ਹਰਪ੍ਰੀਤ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਲਿਫ਼ਾਫ਼ੇ ਵਿਚੋਂ ਨਿਕਲੇ ਹਨ, ਜਿਨ੍ਹਾਂ ਪਾਸੋਂ ਸਿੱਖ ਕੌਮ ਨੂੰ ਇਨਸਾਫ਼ ਦੀ ਕੋਈ ਆਸ ਨਹੀਂ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਕਿਹਾ ਕਿ ਦੁਨੀਆਂ ਵਿਚ ਫੈਲੇ ਹੋਏ ਅੰਧਕਾਰ ਨੂੰ ਖ਼ਤਮ ਕਰਨਾ ਸਮੇਂ ਦੀ ਵੱਡੀ ਲੋੜ ਹੈ। ਜੂਨ ਅਤੇ ਨਵੰਬਰ 1984 ਵਿਚ ਸਮੇਂ ਦੀ ਕੇਂਦਰ ਸਰਕਾਰ ਵਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਨੂੰ ਕਦੇ ਨਾ ਭੁੱਲਣ ਵਾਲਾ ਨਾਸੂਰ ਕਰਾਰ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ, ਜ਼ੇਲ੍ਹਾਂ ਵਿਚ ਬੰਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਨਾ ਹੋਣਾ ਅਤੇ ਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਵਰਗੇ ਅਪਰਾਧਾਂ ਨੇ ਭਾਰਤ ਅੰਦਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ। ਸਮੇਂ ਦੀਆਂ ਸਰਕਾਰਾਂ, ਦੇਸ਼ ਦੇ ਕਾਨੂੰਨ ਅਤੇ ਅਦਾਲਤਾਂ ਨੇ ਸਿੱਖਾਂ ਨੂੰ ਇਨਸਾਫ਼ ਨਾ ਦੇ ਕੇ ਕੌਮ ਨੂੰ ਦਰਦ ਹੀ ਦਿਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗਹਿਰੀ ਸਾਜ਼ਿਸ਼ ਅਧੀਨ ਸਿੱਖ ਇਤਿਹਾਸ, ਸਿੱਖ ਪ੍ਰੰਪਰਾਵਾਂ ਨਾਲ ਛੇੜ-ਛਾੜ ਤੇ ਪੰਜਾਬੀ ਸੱਭਿਆਚਾਰ ਦੇ ਗੰਧਲੇਪਨ ਕਾਰਨ ਸਿੱਖ ਨੌਜੁਆਨੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ।