'ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਅਗਵਾਈ ਕਰਨ ਵਾਲਾ ਕੋਈ ਨਹੀਂ'
ਨਿਰੰਕਾਰੀ ਕਾਂਡ ਦੌਰਾਨ ਜ਼ਖ਼ਮੀ ਹੋਏ ਗਏ ਸਨ ਭਾਈ ਅਮੋਲਕ ਸਿੰਘ
ਅੰਮ੍ਰਿਤਸਰ : 13 ਅਪ੍ਰੈਲ 1978 ਦੇ ਸਿੱਖ ਨਿਰੰਕਾਰੀ ਕਾਂਡ ਦੌਰਾਨ ਜ਼ਖ਼ਮੀ ਹੋਣ ਵਾਲੇ ਭਾਈ ਅਮੋਲਕ ਸਿੰਘ ਨੇ ਦਸਿਆ ਕਿ ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਸਾਡੀ ਅਗਵਾਈ ਕਰਨ ਵਾਲਾ ਕੋਈ ਨਹੀਂ ਹੈ। ਭਾਈ ਅਮੋਲਕ ਸਿੰਘ ਨੇ ਦਸਿਆ ਕਿ ਉਹ ਹਵਾਈ ਫ਼ੌਜ ਵਿਚ ਕੰਮ ਕਰਦੇ ਸਨ ਤੇ ਆਦਮਪੁਰ ਵਿਖੇ ਤੈਨਾਤ ਸਨ। ਖ਼ਾਲਸਾ ਸਾਜਨਾ ਦਿਵਸ ਮੌਕੇ ਤੇ ਉਹ ਅੰਮ੍ਰਿਤਸਰ ਆਏ ਸਨ। ਥਾਂ-ਥਾਂ 'ਤੇ ਨਿਰੰਕਾਰੀਆਂ ਦੇ ਅੰਮ੍ਰਿਤਸਰ ਸਮਾਗਮ ਦੇ ਬੋਰਡ ਅਤੇ ਸਵਾਗਤੀ ਗੇਟ ਲਗੇ ਹੋਏ ਸਨ। ਅਖੰਡ ਕੀਰਤਨੀ ਜਥੇ ਦਾ ਸਮਾਗਮ ਅਜੀਤ ਨਗਰ ਵਿਖੇ ਹੋ ਰਿਹਾ ਸੀ ਜਿਥੇ ਦਮਦਮੀ ਟਕਸਾਲ ਦਾ ਇਕ ਸਿੰਘ ਸੰਤ ਜਰਨੈਲ ਸਿੰਘ ਖ਼ਾਲਸਾ ਦਾ ਸੁਨੇਹਾ ਲੈ ਕੇ ਆਇਆ।
ਟਕਸਾਲ ਦੇ ਇਸ ਸਿੰਘ ਨੇ ਦਸਿਆ ਕਿ ਧਰਮ ਦੋਖੀ ਕੂੜ ਪ੍ਰਚਾਰ ਕਰ ਰਹੇ ਹਨ ਤੇ ਅੰਮ੍ਰਿਤਸਰ ਦੀ ਧਰਤੀ ਤੇ ਨਿਰੰਕਾਰੀਆਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਡੰਕਾ ਵਜਾਇਆ ਹੈ, ਇਸ ਨੂੰ ਰੋਕਣਾ ਚਾਹੀਦਾ ਹੈ। ਜਥੇ ਦੇ ਸਮਾਗਮ ਤੋਂ ਬਾਅਦ ਕਿਹਾ ਗਿਆ ਕਿ ਜੋ ਸਿੰਘ ਕੂੜ ਪ੍ਰਚਾਰ ਨੂੰ ਰੋਕਣ ਲਈ ਜਾਣਾ ਚਾਹੁੰਦੇ ਹਨ, ਜਾ ਸਕਦੇ ਹਨ। ਅਸੀਂ ਤਿਆਰ ਹੋ ਕੇ ਚੱਲ ਪਏ। ਪਹਿਲਾਂ ਅਸੀਂ ਸ੍ਰੀ ਗੁਰੂ ਰਾਮ ਦਾਸ ਜੀ ਨਿਵਾਸ ਪੁੱਜੇ ਜਿਥੇ ਸੰਤ ਅਪਣੇ ਜਥੇ ਦੇ ਸਿੰਘਾਂ ਨਾਲ ਰੁਕੇ ਹੋਏ ਸਨ। ਕਰੀਬ 11 ਵਜੇ ਦਾ ਸਮਾਂ ਸੀ।
ਭਾਈ ਫ਼ੌਜਾ ਸਿੰਘ, ਸੰਤ ਜਰਨੈਲ ਸਿੰਘ ਖ਼ਾਲਸਾ, ਬਾਬਾ ਅਵਤਾਰ ਸਿੰਘ ਖੁਡਾ ਕੁਰਾਲਾ ਅਤੇ ਹੋਰ ਅਨੇਕਾ ਸਿੰਘਾਂ ਨੇ ਬੈਠ ਕੇ ਵਿਚਾਰ ਕੀਤੀ ਕਿ ਇਸ ਮਾਮਲੇ ਨਾਲ ਕਿਵੇਂ ਨਜਿਠਣਾ ਹੈ। ਫ਼ੈਸਲਾ ਹੋਇਆ ਕਿ ਸ਼ਾਂਤਮਈ ਢੰਗ ਨਾਲ ਅਪਣਾ ਵਿਰੋਧ ਪ੍ਰਗਟ ਕੀਤਾ ਜਾਵੇ। ਇਹ ਵੀ ਕਿਹਾ ਗਿਆ ਕਿ ਹਮਲਾ ਹੋਣ ਦੀ ਹਾਲਤ ਵਿਚ ਅਪਣਾ ਬਚਾਅ ਕੀਤਾ ਜਾਵੇ। ਸੰਤਾਂ ਨਾਲ ਵਿਚਾਰ ਕਰ ਕੇ ਸਿੰਘ ਉਸ ਪਾਸੇ ਤੁਰ ਪਏ ਜਿਥੇ ਨਿਰੰਕਾਰੀ ਕੂੜ ਪ੍ਰਚਾਰ ਕਰ ਰਹੇ ਸਨ। ਸਿੰਘਾਂ ਕੋਲ ਸਿਰਫ ਰਵਾਇਤੀ ਸ਼ਸਤਰ ਹੀ ਸਨ। ਸਿੰਘ ਸਿਮਰਨ ਕਰਦੇ ਹੋਏ ਚਲ ਪਏ। ਜਦ ਕਿਲ੍ਹਾ ਗੋਬਿੰਦਗੜ੍ਹ ਨੇੜੇ ਸਥਿਤ ਰੀਗੋ ਬ੍ਰਿਜ ਕੋਲ ਪੁੱਜੇ ਤਾਂ ਪੁਲਿਸ ਨੇ ਸਾਨੂੰ ਰੋਕ ਲਿਆ।
ਕਰੀਬ ਅੱਧਾ ਘੰਟਾ ਸਾਨੂੰ ਪੁਲਿਸ ਨੇ ਰੋਕੀ ਰਖਿਆ। ਓਨਾ ਸਮਾਂ ਨਿਰੰਕਾਰੀ ਹਮਲੇ ਦੀ ਤਿਆਰੀ ਕਰ ਚੁੱਕੇ ਸਨ। ਨਿਰੰਕਾਰੀਆਂ ਨੇ ਪੂਰੀ ਸੜਕ ਨੂੰ ਡਿਫੈਂਸ ਲਾਈਨ ਵਜੋਂ ਤਿਆਰ ਕਰ ਲਿਆ। ਜਦ ਸਿੰਘ ਅੱਗੇ ਵਧੇ ਤਾਂ ਪਹਿਲਾਂ ਨਿਰੰਕਾਰੀਆਂ ਨੇ ਸਿੰਘਾਂ ਨਾਲ ਹੱਥ ਦੀ ਲੜਾਈ ਕੀਤੀ, ਫਿਰ ਨਿਹਥੇ ਸਿੰਘਾਂ ਤੇ ਇਟਾਂ ਰੋੜਿਆਂ ਦੀ ਬਰਸਾਤ ਕੀਤੀ, ਤੇਜ਼ਾਬ ਦੀਆਂ ਬੋਤਲਾਂ ਸੁਟੀਆਂ ਗਈਆਂ, ਆਖ਼ਰ ਵਿਚ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਵਿਚ 13 ਸਿੰਘ ਸ਼ਹੀਦ ਹੋਏ ਤੇ 40 ਦੇ ਕਰੀਬ ਜ਼ਖ਼ਮੀ ਹੋਏ। ਭਾਈ ਅਮਲਕ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਛਰੇ ਲੱਗੇ ਸਨ ਜੋ ਅੱਜ ਵੀ ਉਨ੍ਹਾਂ ਦੇ ਸਰੀਰ ਵਿਚ ਹਨ।