ਸ਼੍ਰੋਮਣੀ ਕਮੇਟੀ ਵਲੋਂ ਛਾਪੀਆਂ ਕਿਤਾਬਾਂ ਵਿਚ ਅਨੇਕਾਂ ਗ਼ਲਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੋਸ਼ੀ ਲੱਭ ਕੇ ਸਜ਼ਾ ਕਿਉਂ ਨਹੀਂ ਦਿਤੀ ਗਈ?, ਸਿੱਖ ਗੁਰੂਆਂ ਬਾਰੇ ਭੱਦੀ ਸ਼ਬਦਾਵਲੀ ਅਜੇ ਤਕ ਨਹੀਂ ਮਿਟਾਈ

Many mistakes in books published by SGPC

ਚੰਡੀਗੜ੍ਹ : ਪੰਜਾਬ ਵਿਚ 11ਵੀਂ ਤੇ 12ਵੀਂ ਜਮਾਤਾਂ ਵਿਚ ਪੰਜਾਬ ਦੇ ਇਤਿਹਾਸ ਅਤੇ ਵਿਸ਼ੇਸ਼ ਕਰ ਕੇ ਸਿੱਖ ਗੁਰੂਆਂ ਦੀ ਜੀਵਨੀ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਸਿਲੇਬਸ ਸਬੰਧੀ ਪਿਛਲੇ 6 ਮਹੀਨੇ ਤੋਂ ਰੇੜਕਾ ਚਲ ਰਿਹਾ ਹੈ। ਹੁਣ ਆ ਕੇ ਸਿਖਿਆ ਮੰਤਰੀ ਤੇ ਸਿਖਿਆ ਮਹਿਕਮੇ ਸਮੇਤ ਮੁੱਖ ਮੰਤਰੀ ਨੇ ਫ਼ਿਲਹਾਲ ਪੁਰਾਣਾ ਕੋਰਸ ਅਤੇ ਪੁਰਾਣੀਆਂ ਕਿਤਾਬਾਂ ਹੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਕਿਉਂਕਿ ਡਾ. ਕਿਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਬਣਾਈ ਪੜਚੋਲ ਕਮੇਟੀ ਵਲੋਂ ਸੋਧੇ ਹੋਏ ਪੰਜ ਚੈਪਟਰ, ਆਨਲਾਈਨ ਜਾਰੀ ਕੀਤੇ ਸਨ ਜਿਨ੍ਹਾਂ ਵਿਚ ਹੋਰ ਕਈ ਗ਼ਲਤੀਆਂ ਪਕੜੀਆਂ ਗਈਆਂ। 

ਦੂਜੇ ਪਾਸੇ ਪਿਛਲੇ ਕਈ ਸਾਲਾਂ ਤੋਂ ਸਿੱਖ ਗੁਰੂਆਂ ਬਾਰੇ, ਖ਼ੁਦ ਸ਼੍ਰੋਮਣੀ ਕਮੇਟੀ ਵਲੋਂ ਛਾਪੀਆਂ ਕਈ ਕਿਤਾਬਾਂ ਵਿਚ ਗੁਰੂਆਂ ਦੀਆਂ ਜੀਵਨੀਆਂ ਬਾਰੇ ਭੱਦੀ ਸ਼ਬਦਾਵਲੀ ਅਤੇ ਸੈਂਕੜੇ ਗ਼ਲਤੀਆਂ ਦਾ ਵੇਰਵਾ ਦਿੰਦੇ ਹੋਏ ਸਿੱਖ ਵਿਚਾਰ ਮੰਚ ਦੇ ਛੇ ਆਗੂਆਂ ਨੇ ਪ੍ਰੈਸ ਕਾਨਫ਼ਰੰਸ ਵਿਚ ਦੋਸ਼ ਲਾਇਆ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ, ਸਾਬਕਾ ਪ੍ਰਧਾਨਾਂ ਤੇ ਧਰਮ ਪ੍ਰਚਾਰ ਕਮੇਟੀ ਮੈਂਬਰਾਂ ਨੇ ਹੁਣ ਤਕ ਇਨ੍ਹਾਂ ਗ਼ਲਤੀਆਂ ਦੇ ਦੋਸ਼ੀਆਂ, ਲਿਖਾਰੀਆਂ ਤੇ ਸ਼ਰਾਰਤੀ ਅਨਸਰਾਂ ਦੀ ਅਜੇ ਕੋਈ ਪੜਤਾਲ ਨਹੀਂ ਕੀਤੀ ਅਤੇ ਨਾ ਹੀ ਸਜ਼ਾ ਦਿਤੀ। 

ਸਿੱਖ ਵਿਚਾਰ ਮੰਚ ਵਿਚ ਸ਼ਾਮਲ ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਸਿਰਸਾ, ਦਲ ਖ਼ਾਲਸਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਚੀਮਾ, ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਯੂਨਾਈਟਿਡ ਸਿੱਖ ਪਾਰਟੀ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ, ਸਿੱਖ ਆਗੂ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਵਿਚ ਸਿੱਖ ਭਾਵਨਾਵਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਛੇਤੀ ਬੰਦ ਹੋਣਾ ਚਾਹੀਦਾ ਹੈ।

ਇਨ੍ਹਾਂ ਸਿੱਖ ਆਗੂਆਂ ਨੇ ਪਹਿਲਾਂ ਹੀ ਬੰਦ ਕੀਤੀ ਕਿਤਾਬ ''ਗੁਰ ਬਿਲਾਸ ਪਾਤਸ਼ਾਹੀ 6ਵੀਂ'', ਕਨਿੰਘਮ ਦੀ ਕਿਤਾਬਚੇ ਦਿਖਾਏ ਅਤੇ ਨਿਸ਼ਾਨੀਆਂ ਲੱਗੀਆਂ ਗ਼ਲਤੀਆਂ ਵਲ ਵੀ ਇਸ਼ਾਰਾ ਕੀਤਾ ਜੋ ਸਿੱਖ ਗੁਰੂਆਂ ਬਾਰੇ ਮਾੜਾ ਪ੍ਰਚਾਰ ਕਰ ਰਹੀਆ ਹਨ। ਸਿੱਖ ਵਿਚਾਰ ਮੰਚ ਦੇ ਇਨ੍ਹਾਂ ਸਿੱਖ ਆਗੂਆਂ ਨੂੰ ਗੁੱਸਾ ਤੇ ਰੋਸ ਇਸ ਗੱਲ ਦਾ ਹੈ ਕਿ ਅਜੇ ਤਕ ਇਨ੍ਹਾਂ ਕਿਤਾਬਾਂ ਨੂੰ ਬਾਜ਼ਾਰਾਂ ਵਿਚੋਂ ਚੁਕ ਕੇ ਖ਼ਤਮ ਨਹੀਂ ਕੀਤਾ ਅਤੇ ਨਾ ਹੀ ਲਿਖਾਰੀ ਲੱਭੇ ਅਤੇ ਨਾ ਹੀ ਉਨ੍ਹਾਂ ਨੂੰ ਸਜ਼ਾ ਦਿਤੀ।

ਸ. ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਛਾਪੀਆਂ ਇਹ ਕਿਤਾਬਾਂ ਨਾ ਤਾਂ ਠੀਕ ਹਨ, ਨਾ ਹੀ ਗੁਰਮਤਿ ਅਨੁਕੂਲ ਹਨ ਅਤੇ ਨਾ ਹੀ ਸਿੱਖ ਮਾਨਸਿਕਤਾ ਨਾਲ ਮੇਲ ਖਾਂਦੀਆਂ ਹਨ। ਸਿੱਖ ਵਿਚਾਰ ਮੰਚ ਨੇ ਮੰਗ ਕੀਤੀ ਕਿ ਭਲਕੇ ਅੰਮ੍ਰਿਤਸਰ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿਚ ਇਨ੍ਹਾਂ ਗੰਦੀਆਂ ਕਿਤਾਬਾਂ ਵਿਰੁਧ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ।

Related Stories