ਜਥੇਦਾਰ ਅਸਤੀਫ਼ਾ ਦੇਣ ਲਈ ਬਾਦਲ ਪ੍ਰਵਾਰ ਦੇ ਇਸ਼ਾਰੇ ਦੀ ਉਡੀਕ 'ਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਡੇਰਾ ਸੌਦਾ ਸਾਧ ਨੂੰ ਬਿਨਾਂ ਪੇਸ਼ ਹੋਇਆਂ ਮਾਫੀ ਦੇਣ ਤੇ ਫਿਰ ਮਾਫੀਨਾਮਾ ਵਾਪਸ ਲੈਣ ਦੇ ਮਸਲੇ 'ਚ ਬੜੀ ਬੁਰੀ ਤਰ੍ਹਾਂ ਘਿਰੇ ਅਤੇ ਦੇਸ਼ ਵਿਦੇਸ਼ ਦੇ ਸਿੱਖ...........

Sukhbir Singh Badal

ਅੰਮ੍ਰਿਤਸਰ  : ਡੇਰਾ ਸੌਦਾ ਸਾਧ ਨੂੰ ਬਿਨਾਂ ਪੇਸ਼ ਹੋਇਆਂ ਮਾਫੀ ਦੇਣ ਤੇ ਫਿਰ ਮਾਫੀਨਾਮਾ ਵਾਪਸ ਲੈਣ ਦੇ ਮਸਲੇ 'ਚ ਬੜੀ ਬੁਰੀ ਤਰ੍ਹਾਂ ਘਿਰੇ ਅਤੇ ਦੇਸ਼ ਵਿਦੇਸ਼ ਦੇ ਸਿੱਖ ਤੇ ਆਮ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਅਸਤੀਫਾ ਦੇਣ ਲਈ ਤਿਆਰ ਬਰ ਤਿਆਰ ਹਨ ਪਰ ਬਾਦਲਾਂ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ। ਸਿੱਖ ਹਲਕਿਆਂ 'ਚ ਚਰਚਾ ਹੈ ਕਿ ਉਹ ਗਿਆਨੀ ਗੁਰਮੁਖ ਸਿੰਘ ਵਾਂਗ ਕਦੇ ਵੀ ਬਾਦਲ ਪ੍ਰਵਾਰ ਵਿਰੁਧ ਨਹੀਂ ਬੋਲਣਗੇ।

ਇਸ ਦਾ ਕਾਰਨ ਬਾਦਲ ਪ੍ਰਵਾਰ ਨਾਲ ਨਜ਼ਦੀਕੀਆਂ ਤੋਂ ਇਲਾਵਾ ਇਕ ਦਰਜਨ ਤੋਂ ਵੱਧ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਮੁਲਾਜ਼ਮ ਹਨ। ਉਨ੍ਹਾਂ ਦਾ ਬੇਟਾ ਬਾਦਲ ਦਲ ਵਲੋਂ ਪੰਚਾਇਤ ਸੰਮਤੀ ਦੀ ਚੋਣ ਲੜ ਰਿਹਾ ਹੈ। ਇਸ ਤੋਂ ਪਹਿਲਾਂ ਉਹ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਰਿਹਾ ਹੈ। ਸਿਆਸੀ ਹਲਕਿਆਂ ਅਨੁਸਾਰ ਸੌਦਾ ਸਾਧ ਨੂੰ ਮਾਫ਼ੀ ਤਖ਼ਤਾਂ ਦੇ ਜਥੇਦਾਰ ਨੇ ਬਾਦਲ ਪ੍ਰਵਾਰ ਦੀ ਹਿਦਾਇਤ ਤੇ ਦਿਤੀ ਸੀ ਪਰ ਹੁਣ ਹੱਥਾਂ ਦੀਆਂ ਦਿਤੀਆਂ ਗੰਢਾਂ ਦੰਦਾਂ ਨਾਲ ਵੀ ਖੁੱਲ੍ਹ ਨਹੀਂ ਰਹੀਆਂ।

ਇਸ ਕਾਰਨ ਹੀ ਕੁੱਝ ਸੰਗਠਨਾਂ ਨੇ ਉਨ੍ਹਾਂ ਦਾ ਬਾਈਕਾਟ ਕਰ ਕੇ ਅਪਣੇ ਜਥੇਦਾਰ ਤਿੰਨ ਸਾਲ ਤੋਂ ਬਣਾਏ ਹਨ। ਸਿੱਖ ਕੌਮ ਇਸ ਵੇਲੇ ਦੁਬਿਧਾ 'ਚ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਸਰਗਰਮੀਆਂ ਪਹਿਲਾਂ ਵਰਗੀਆਂ ਨਹੀਂ ਰਹੀਆਂ। ਚਰਚਾ ਅਨੁਸਾਰ ਸੌਦਾ ਸਾਧ ਨੂੰ ਮਾਫੀ ਦੇਣ ਕਰ ਕੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੜੀ ਬੁਰੀ ਤਰ੍ਹਾਂ ਪੰਥ ਦੇ ਕਟਹਿਰੇ 'ਚ ਘਿਰਿਆ ਹੈ ਤੇ ਅੱਧੀ ਦਰਜਨ ਤੋਂ ਵੱਧ ਸੀਨੀਅਰ ਅਕਾਲੀ ਨੇਤਾਵਾਂ ਵਲੋਂ ਉਨ੍ਹਾਂ ਪਾਸੋਂ ਅਸਤੀਫ਼ਾ ਮੰਗਣ ਨਾਲ ਪਾਰਟੀ ਦੀ ਸਥਿਤੀ ਵਿਸਫ਼ੋਟਕ ਬਣੀ ਹੋਈ ਹੈ। ਵਿਦੇਸ਼ ਬੈਠੇ ਅਕਾਲੀ ਆਗੂ ਵੀ ਵਤਨ ਵਾਪਸੀ ਦੀ ਉਡੀਕ ਕੀਤੀ ਜਾ ਰਹੀ ਹੈ।

ਉਸ ਦੇ ਇੱਥੇ ਆਉਣ ਤੇ ਅਕਾਲੀ ਦਲ ਦੀ ਸਥਿਤੀ ਵੀ ਸ਼ਪੱਸ਼ਟ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਬਾਦਲ ਪਰਿਵਾਰ ਦੀ ਕੋਸ਼ਿਸ਼ ਹੈ ਕਿ ਜੱਥੇਦਾਰ ਤੋਂ ਅਸਤੀਫਾ ਲੈ ਕੇ ਸਿੱਖ ਹਲਕਿਆਂ ਦੇ ਰੋਹ ਨੂੰ ਮੱਠਾ ਕੀਤਾ ਜਾਵੇ ਪਰ ਜੋ ਹਲਾਤ ਬਣੇ ਹਨ ਉਨ੍ਹਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੰਟਰੋਲ ਬਾਦਲ ਪਰਿਵਾਰ ਤੋਂ ਖੁੱਸ ਜਾਣ ਦੀ ਸੰਭਾਵਨਾ ਹੈ।

ਸਿੱਖ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਕੋਲ ਜਦੋਂ ਦਾ ਸਿੱਖਾਂ ਦੇ ਧਾਰਮਿਕ ਸੰਗਠਨਾਂ ਤੇ ਕੰਟਰੋਲ ਹੋਇਆ ਹੈ ਉਸ ਸਮੇਂ ਤੋਂ ਸਿੱਖੀ ਪ੍ਰਫੂਲਿਤ ਹੋਣ ਦੀ ਥਾਂ ਇਸ ਵਿੱਚ ਸਿਰੇ ਦਾ ਨਿਘਾਰ ਆਇਆ ਹੈ, ਜਿਸ ਦੀ ਮਿਸਾਲ ਸੌਦਾ ਸਾਧ ਦੀ ਸਭ ਦੇ ਸਾਹਮਣੇ ਹੈ ਕਿ ਉਨ੍ਹਾਂ ਵੋਟਾਂ ਖਾਤਿਰ ਸਿੱਖ ਕੌਮ ਨੂੰ ਹੀ ਦਾਅ ਤੇ ਲਾ ਦਿੱਤਾ। ਇਸ ਕਾਰਨ ਦੇਸ਼ ਵਿਦੇਸ਼ ਦੇ ਸਿੱਖਾਂ ਤੇ ਸਿਆਸੀ ਹਲਕਿਆਂ ਦੀਆਂ ਨਜਰਾਂ ਸ਼੍ਰੋਮਣੀ ਅਕਾਲੀ ਦਲ ਤੇ ਟਿਕੀਆਂ ਹਨ ਕਿ ਆਉਂਣ ਵਾਲੇ ਸਮੇਂ 'ਚ ਬਾਦਲ ਪ੍ਰਵਾਰ ਦਾ ਰਾਜਨੀਤਿਕ ਭਵਿੱਖ ਕੀ ਹੋਵੇਗਾ?

Related Stories