ਕੇਂਦਰ ਸਰਕਾਰ ਨੇ ਗੁਰਦਵਾਰਾ ਸਾਹਿਬਾਨ ਦੇ ਲੰਗਰ 'ਤੇ ਲੱਗੀ ਜੀ.ਐਸ.ਟੀ ਦੀ ਪਹਿਲੀ ਕਿਸ਼ਤ ਵਾਪਸ ਕੀਤੀ
ਕੇਂਦਰ ਸਰਕਾਰ ਨੇ ਜੀ.ਸੀ.ਟੀ. ਦੇ ਕਰੀਬ 57 ਲੱਖ 45 ਹਜ਼ਾਰ 228 ਰੁਪਏ ਸ਼੍ਰੋਮਣੀ ਕਮੇਟੀ ਨੂੰ ਮੋੜੇ
ਅੰਮ੍ਰਿਤਸਰ : ਕੇਂਦਰ ਸਰਕਾਰ ਵਲੋਂ ਵੱਖ ਵੱਖ ਗੁਰਦਵਾਰਾ ਸਾਹਿਬਾਨ ਦੇ ਲੰਗਰ 'ਤੇ ਲੱਗੀ ਜੀ.ਐਸ.ਟੀ ਦੀ ਪਹਿਲੀ ਕਿਸ਼ਤ ਵਾਪਸ ਕਰ ਦਿਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ 1 ਜਨਵਰੀ 2019 ਤੋਂ 31 ਮਾਰਚ 2019 ਤਕ ਲੰਗਰ ਦੀ ਰਸਦ ਦੀ ਖ਼੍ਰੀਦ 'ਤੇ ਦਿਤੀ ਕੇਂਦਰੀ ਜੀ.ਐਸ.ਟੀ. ਦੀ ਕਰੀਬ 57 ਲੱਖ 45 ਹਜ਼ਾਰ 228 ਰੁਪਏ ਸ਼੍ਰੋਮਣੀ ਕਮੇਟੀ ਨੂੰ ਮੋੜ ਦਿਤੇ ਹਨ ਜਦਕਿ ਪੰਜਾਬ ਸਰਕਾਰ ਵਲੋਂ ਲਈ ਜੀ.ਐਸ.ਟੀ. ਦੇ ਪੈਸੇ ਵਾਪਸ ਆਉਣੇ ਹਾਲੇ ਬਾਕੀ ਹਨ।
ਅੰਡਰ ਸੈਕਟਰੀ ਪਵਨ ਸ਼ਰਮਾ ਵਲੋਂ ਸੇਵਾ ਭੋਜ ਯੋਜਨਾ ਸਕੀਮ ਤਹਿਤ ਵੱਖ ਵੱਖ ਧਾਰਮਕ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੋੜਵੰਦਾਂ ਨੂੰ ਖਵਾਏ ਜਾਂਦੇ ਭੋਜਨ ਤੇ ਕੇਂਦਰ ਸਰਕਾਰ ਦੇ ਹਿੱਸੇ ਦੇ ਟੈਕਸ ਦੀ 325 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਜਿਸ ਵਿਚੋਂ ਇਹ 57 ਲੱਖ 45 ਹਜ਼ਾਰ 228 ਰੁਪਏ ਵਾਪਸ ਕੀਤੇ ਗਏ ਹਨ। ਇਸ ਰਾਸ਼ੀ ਦਾ 37 ਲੱਖ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੇ ਸਮਾਨ ਦੀ ਖ਼੍ਰੀਦ ਤੇ ਵਾਪਸ ਆਇਆ ਹੈ।
ਅੱਜ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸਤਿੰਦਰ ਸਿੰਘ ਮੀਤ ਸਕੱਤਰ ਨੇ ਦਸਿਆ ਕਿ ਜੀ.ਐਸ.ਟੀ. ਨੰਬਰ ਲੈਣ ਸਮੇਂ ਦਸਤਾਵੇਜ਼ ਪੂਰੇ ਕਰਦਿਆਂ ਸਾਨੂੰ 6 ਮਹੀਨੇ ਦਾ ਸਮਾਂ ਲੱਗ ਗਿਆ ਸੀ। ਸਾਲ 2018 ਵਿਚ ਅਸੀ ਜੀ.ਐਸ.ਟੀ. ਨੰਬਰ ਹਾਸਲ ਕਰ ਲਿਆ ਸੀ। 4 ਜੁਲਾਈ ਨੂੰ ਕੇਂਦਰ ਸਰਕਾਰ ਨੇ ਸਾਨੂੰ 57 ਲੱਖ 45 ਹਜ਼ਾਰ 228 ਰੁਪਏ ਜਾਰੀ ਕਰ ਦਿਤੇ।