
ਕਾਂਗਰਸ ਨੇ ਰਾਹੁਲ ਗਾਂਧੀ ਦੇ 'ਮੁਸਲਿਮ ਪਾਰਟੀ' ਵਾਲੇ ਕਥਿਤ ਬਿਆਨ ਬਾਬਤ ਖ਼ਬਰ ਨੂੰ ਅੱਜ ਫਿਰ ਖ਼ਾਰਜ ਕੀਤਾ ਅਤੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ).............
ਨਵੀਂ ਦਿੱਲੀ : ਕਾਂਗਰਸ ਨੇ ਰਾਹੁਲ ਗਾਂਧੀ ਦੇ 'ਮੁਸਲਿਮ ਪਾਰਟੀ' ਵਾਲੇ ਕਥਿਤ ਬਿਆਨ ਬਾਬਤ ਖ਼ਬਰ ਨੂੰ ਅੱਜ ਫਿਰ ਖ਼ਾਰਜ ਕੀਤਾ ਅਤੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਮੌਜੂਦਾ ਦੌਰ ਦੀ 'ਈਸਟ ਇੰਡੀਆ ਕੰਪਨੀ' ਹੈ ਜੋ ਸੱਤਾ ਦੇ ਲਾਲਚ 'ਚ 'ਹਿੰਦੂ-ਮੁਸਲਮਾਨ' ਦੀ ਖੇਡ ਨੂੰ ਖੇਡ ਰਹੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ''ਬੁੱਧੀਜੀਵੀਆਂ ਨਾਲ ਮੁਲਾਕਾਤ 'ਚ ਰਾਹੁਲ ਨੇ ਕਿਹਾ ਸੀ ਕਿ ਕਾਂਗਰਸ ਭਾਰਤ ਦੇ 132 ਕਰੋੜ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ। ਕਾਂਗਰਸ ਹਰ ਹਿੰਦੂ, ਹਰ ਮੁਸਲਮਾਨ, ਹਰ ਸੇੱਖ, ਹਰ ਇਸਾਈ, ਹਰ ਜੈਨ, ਹਰ ਪਾਰਸੀ ਅਤੇ
ਹੋਰ ਸਾਰੇ ਧਰਮਾਂ ਦੇ ਲੋਕਾਂ ਦੀ ਪਾਰਟੀ ਹੈ।'' ਉਨ੍ਹਾਂ 'ਮੁਸਲਿਮ ਪਾਰਟੀ' ਵਾਲੀ ਖ਼ਬਰ ਛਾਪਣ ਵਾਲੇ ਉਰਦੂ ਅਖ਼ਬਾਰ ਦੀ ਖ਼ਬਰ ਨੂੰ ਖ਼ਾਰਜ ਕਰਦਿਆਂ ਕਿਹਾ, ''ਕੀ ਉਸ ਬੈਠਕ 'ਚ ਅਖ਼ਬਾਰ ਦੇ ਪ੍ਰਤੀਨਿਧ ਮੌਜੂਦ ਸਨ? ਨਰਿੰਦਰ ਮੋਦੀ ਇਕ ਅਸਫ਼ਲ ਪ੍ਰਧਾਨ ਮੰਤਰੀ ਹਨ। ਉਹ ਸਿਰਫ਼ ਧਰੁਵੀਕਰਨ ਦਾ ਸਹਾਰਾ ਲੈ ਸਕਦੇ ਹਨ। ਅੰਗਰੇਜ਼ਾਂ ਵਾਂਗ ਵੰਡਣ ਦੀ ਸਿਆਸਤ ਕਰ ਰਹੇ ਹਨ।'' ਗਾਂਧੀ ਦੇ 'ਮੁਸਲਿਮ ਪਾਰਟੀ' ਵਾਲੇ ਕਥਿਤ ਬਿਆਨ ਨੂੰ ਪ੍ਰਕਾਸ਼ਿਤ ਕਰਨ ਵਾਲੇ ਉਰਦੂ ਅਖ਼ਬਾਰ ਨੇ ਅੱਜ ਫਿਰ ਇਕ ਖ਼ਬਰ ਜ਼ਰੀਏ ਦਾਅਵਾ ਕੀਤਾ ਕਿ ਪਾਰਟੀ ਦੇ ਘੱਟ ਗਿਣਤੀ ਵਿਭਾਗ ਦੇ ਪ੍ਰਧਾਨ ਨਦੀਮ ਜਾਵੇਦ ਨੇ ਕਾਂਗਰਸ ਪ੍ਰਧਾਨ ਦੇ ਕਥਿਤ ਬਿਆਨ
ਦੀ ਹਮਾਇਤ ਕੀਤੀ ਹੈ। ਇਸ ਬਾਬਤ ਪੁੱਛੇ ਜਾਣ 'ਤੇ ਕਾਂਗਰਸ ਦੇ ਬੁਲਾਰੇ ਸੁਸ਼ਮਿਤਾ ਦੇਵ ਨੇ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਨਹੀਂ ਪਤਾ ਕਿ ਨਦੀਮ ਜਾਵੇਦ ਨੇ ਕੀ ਕਿਹਾ ਪਰ ਏਨਾ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਕਾਂਗਰਸ ਸਾਰੇ ਧਰਮਾਂ, ਜਾਤਾਂ ਅਤੇ ਵਰਗਾਂ ਦੀ ਪਾਰਟੀ ਹੈ।'' ਇਸ ਤੋਂ ਪਹਿਲਾਂ ਅੱਜ ਭਾਜਪਾ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਵਲੋਂ ਕਾਂਗਰਸ ਨੂੰ ਕਥਿਤ ਤੌਰ 'ਤੇ ਮੁਸਲਿਮ ਪਾਰਟੀ ਦੱਸਣ ਨੂੰ ਲੈ ਕੇ ਅਖ਼ਬਾਰ ਦੀ ਖ਼ਬਰ 'ਤੇ ਕਾਂਗਰਸ ਦੀ ਚੁੱਪੀ ਸਾਬਤ ਕਰਦੀ ਹੈ ਕਿ ਕਾਂਗਰਸ ਇਕ ਫ਼ਿਰਕੂ ਪਾਰਟੀ ਹੈ ਅਤੇ ਉਸ ਦਾ ਅਸਲੀ ਚਿਹਰਾ ਉਜਾਗਰ ਹੋ ਗਿਆ ਹੈ। ਉਨ੍ਹਾਂ ਇਸ ਬਾਰੇ ਰਾਹੁਲ ਗਾਂਧੀ ਨੂੰ ਜਵਾਬ ਦੇਣ ਲਈ ਕਿਹਾ। (ਪੀਟੀਆਈ)