
ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਬਾਹਰਵਾਰ ਜਲਿਆਂਵਾਲਾ ਬਾਗ਼ ਦੇ ਗੇਟ ਨੇੜੇ ਅੱਜ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਭੀਖ ਮੰਗੀ............
ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਬਾਹਰਵਾਰ ਜਲਿਆਂਵਾਲਾ ਬਾਗ਼ ਦੇ ਗੇਟ ਨੇੜੇ ਅੱਜ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਭੀਖ ਮੰਗੀ ਅਤੇ ਬੂਟ ਪਾਲਿਸ਼ ਕਰਕੇ ਸੂਬਾ ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ। ਵਿਰਾਸਤੀ ਮਾਰਗ ਹੋਣ ਕਰਕੇ ਆਉਣ ਵਾਲੇ ਹਰ ਸੈਲਾਨੀ ਦਾ ਧਿਆਨ ਇਨ੍ਹਾਂ ਵੱਲ ਨਜ਼ਰ ਆ ਰਿਹਾ ਸੀ। ਆਗੂਆਂ ਨੇ ਦੋਸ਼ ਲਾਇਆ ਕਿ ਵਿਦਿਅਕ ਯੋਗਤਾ ਪੂਰੀ ਹੋਣ ਦੇ ਬਾਵਜੂਦ ਸਰਕਾਰ ਵਲੋਂ ਅਧਿਆਪਕਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਕਈ ਅਧਿਆਪਕਾਂ ਦੀ ਉਮਰ ਧੱਕੇ ਖਾਂਦਿਆਂ ਹੀ ਬੀਤ ਜਾਂਦੀ ਹੈ।
ਆਗੂਆਂ ਦਾ ਕਹਿਣਾ ਸੀ ਕਿ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਅਤੇ ਆਪਣੇ ਅਧਿਆਪਕੀ ਗਿਆਨ ਰਾਹੀਂ ਆਉਣ ਵਾਲੀ ਪੀੜ੍ਹੀ ਨੂੰ ਜਿਥੇ ਨਵੀਂ ਸੇਧ ਦੇਣਾ ਚਾਹੁੰਦੇ ਹਾਂ ਉਥੇ ਉਨ੍ਹਾਂ ਨੂੰ ਦੇਸ਼ ਤੇ ਕੌਮ ਦੇ ਲਈ ਯੋਗਦਾਣ ਦੇਣ ਲਈ ਵੀ ਪ੍ਰੇਰਨਾ ਹੈ। ਪਰ ਸਰਕਾਰਾਂ ਦੀ ਅਣਦੇਖੀ ਕਾਰਨ ਸਾਡਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਜਬੂਰਨ ਅੱਜ ਦੇਸ਼ ਭਗਤਾਂ ਦੀ ਯਾਦਗਾਰ ਜਲ੍ਹਿਆਂਵਾਲਾ ਬਾਗ ਦੇ ਬਾਹਰ ਬੈਠ ਕੇ ਭੀਖ ਮੰਗ ਰਹੇ ਹਾਂ ਤੇ ਬੂਟ ਪਾਲਿਸ਼ ਕਰ ਰਹੇ ਹਾਂ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਈ.ਟੀ.ਟੀ. ਅਧਿਆਪਕਾਂ ਨੂੰ ਨੌਕਰੀਆਂ ਦੇਣ।