
ਸਿਟੀ ਪੁਲਿਸ ਸਟੇਸ਼ਨ ਤੋਂ 50 ਮੀਟਰ ਦੀ ਦੂਰੀ ‘ਤੇ ਕਿਲਾ ਮਾਰਕਿਟ ਵਿਚ ਬੁੱਧਵਾਰ ਦੇਰ ਸ਼ਾਮ ਕੁਝ ਨੌਜਵਾਨਾਂ
ਸੰਗਰੂਰ (ਪੀਟੀਆਈ) : ਸਿਟੀ ਪੁਲਿਸ ਸਟੇਸ਼ਨ ਤੋਂ 50 ਮੀਟਰ ਦੀ ਦੂਰੀ ‘ਤੇ ਕਿਲਾ ਮਾਰਕਿਟ ਵਿਚ ਬੁੱਧਵਾਰ ਦੇਰ ਸ਼ਾਮ ਕੁਝ ਨੌਜਵਾਨਾਂ ਨੇ ਇਕ ਕਾਂਸਟੇਬਲ ‘ਤੇ ਗੋਲੀਆਂ ਨਾਲ ਜਾਨਲੇਵਾ ਹਮਲਾ ਕਰ ਦਿਤਾ। ਕਾਂਸਟੇਬਲ ਨੂੰ ਪੰਜ ਤੋਂ ਜ਼ਿਆਦਾ ਗੋਲੀਆਂ ਵੱਜੀਆਂ ਹਨ। ਗੰਭੀਰ ਹਾਲਤ ਵਿਚ ਕਾਂਸਟੇਬਲ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿਤਾ ਹੈ।
ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਜ਼ਖ਼ਮੀ ਪੁਲਿਸ ਕਰਮਚਾਰੀ ਗੁਰਸਿੰਪਲ ਸਿੰਘ ਪੰਚਾਇਤ ਭਵਨ ਸੰਗਰੂਰ ਵਿਚ ਡਿਊਟੀ ‘ਤੇ ਤੈਨਾਤ ਸੀ। ਉਹ ਦੇਰ ਸ਼ਾਮ ਕਿਲਾ ਮਾਰਕੇਟ ਵਿਚ ਸੀ। ਸ਼ਾਮ ਸੱਤ ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾ ਦਿਤੀਆਂ। ਗੋਲੀਆਂ ਵੱਜਣ ਦੇ ਕਾਰਨ ਪੁਲਿਸ ਕਰਮਚਾਰੀ ਨੂੰ ਸਿਵਲ ਹਸਪਤਾਲ ਵਿਚ ਲੈ ਜਾਇਆ ਗਿਆ। ਮਾਮਲੇ ਦਾ ਪਤਾ ਲੱਗਦੇ ਹੀ ਡੀਐਸਪੀ ਸਤਪਾਲ ਸ਼ਰਮਾ ਨੇ ਪੁਲਿਸ ਪਾਰਟੀ ਸਹਿਤ ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰ ਕੇ ਹਾਲਾਤਾਂ ਦਾ ਜਾਇਜ਼ਾ ਲਿਆ।
ਸਿਵਲ ਹਸਪਤਾਲ ਵਿਚ ਤੈਨਾਤ ਡਾ. ਇੰਦਰਜੀਤ ਸਿੰਗਲਾ ਨੇ ਦੱਸਿਆ ਕਿ ਜ਼ਖ਼ਮੀ ਦੇ 5 ਤੋਂ 6 ਗੋਲੀਆਂ ਵੱਜੀਆਂ ਹਨ। ਸਾਰੀਆਂ ਗੋਲੀਆਂ ਕਮਰ ਤੋਂ ਹੇਠਾਂ ਵੱਜੀਆਂ ਹਨ। ਥਾਣਾ ਸਿਟੀ ਇੰਨਚਾਰਜ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਢਲੀ ਤੌਰ ‘ਤੇ ਜਾਂਚ ਤੋਂ ਪਤਾ ਲਗਾ ਹੈ ਕਿ ਦੋ ਧਿਰਾਂ ਕਿਸੇ ਗੱਲ ਦੇ ਨਿਪਟਾਰੇ ਲਈ ਕਿਲਾ ਮਾਰਕਿਟ ਵਿਚ ਇਕੱਠੀਆਂ ਹੋਈਆਂ ਸਨ। ਮੌਕੇ ‘ਤੇ ਤਕਰਾਰ ਤੋਂ ਬਾਅਦ ਇਕ ਧਿਰ ਨੇ ਗੁਰਸਿੰਪਲ ‘ਤੇ ਗੋਲੀਆਂ ਚਲਾ ਦਿਤੀਆਂ।
ਉਨ੍ਹਾਂ ਨੇ ਦੱਸਿਆ ਕਿ ਗੁਰਸਿੰਪਲ ਆਫ਼ ਡਿਊਟੀ ‘ਤੇ ਸਿਵਲ ਕੱਪੜਿਆਂ ਵਿਚ ਸੀ।