ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦੇ ਚਲਦਿਆਂ ਸਰਹੰਦ ਤੋਂ ਲਾਡਰਾਂ ਸੜ੍ਹਕ ਉੱਤੇ ਦਰੱਖਤ ਟੁੱਟ ਕੇ ਸੜਕਾਂ ਦੇ ਕੰਢਿਆਂ ਉਤੇ ਡਿੱਗੇ ਹੋਏ ਹਨ ਅਤੇ ਦੁਰਘਟਨਾ ਨੂੰ ਸੱਦਾ ਦੇ...
ਮੋਹਾਲੀ (ਗੁਰਬਿੰਦਰ ਸਿੰਘ) : ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦੇ ਚਲਦਿਆਂ ਸਰਹੰਦ ਤੋਂ ਲਾਡਰਾਂ ਸੜ੍ਹਕ ਉੱਤੇ ਦਰੱਖਤ ਟੁੱਟ ਕੇ ਸੜਕਾਂ ਦੇ ਕੰਢਿਆਂ ਉਤੇ ਡਿੱਗੇ ਹੋਏ ਹਨ ਅਤੇ ਦੁਰਘਟਨਾ ਨੂੰ ਸੱਦਾ ਦੇ ਰਹੇ ਹਨ। ਬਹੁਤ ਸਾਰੇ ਦਰੱਖਤਾਂ ਦੀਆਂ ਟਾਹਣੀਆਂ ਨੂੰ ਛਾਂਗਿਆ ਨਹੀਂ ਗਿਐ ਅਤੇ ਬਰਸਾਤ ਦੇ ਮੌਸਮ ਵਿਚ ਇਹ ਵੀ ਸੜਕਾਂ ਤਕ ਵੱਧ ਗਏ ਹਨ ਤੇ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ।
ਕਈ ਦਰਖਤਾਂ ਦੇ ਟਾਹਣੇ ਟੁੱਟ ਕੇ ਸੜਕ ਵਿਚਕਾਰ ਝੂਲ ਰਹੇ ਹਨ ਪਰ ਜੰਗਲਾਤ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਹਨਾਂ ਡਿੱਗੇ ਦਰਖਤਾਂ ਕਾਰਨ ਕਦੇ ਵੀ ਕਿਸੇ ਸਮੇਂ ਵੀ ਦੁਰਘਟਨਾ ਵਾਪਰ ਸਕਦੀ ਹੈ। ਅਜੇ ਤੱਕ ਉਕਤ ਲੀਡਰ ਵੀ ਅਪਣੀ ਕੁੰਭ ਕਰਨੀ ਨੀਂਦ ਤੋਂ ਨਹੀਂ ਜਾਗੇ ਅਤੇ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹਨ। ਉਕਤ ਲੀਡਰ ਅਕਸਰ ਹੀ ਇਸ ਸੜ੍ਹਕ ਤੋਂ ਆਉਂਦੇ ਜਾਂਦੇ ਰਹਿੰਦੇ ਹਨ, ਪਰ ਇਨ੍ਹਾਂ ਕਿਸੇ ਲੀਡਰਾਂ ਵਿਚੋਂ ਕਿਸੇ ਦੀ ਸਵੱਲੀ ਨਜ਼ਰ ਇਹਨਾ ਸੜ੍ਹਕ ਦੇ ਕੰਢਿਆਂ ਉਤੇ ਡਿੱਗੇ ਦਰਖਤਾਂ ਉਤੇ ਨਹੀਂ ਪਈ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹਨਾਂ ਦਰਖਤਾਂ ਦੇ ਕਾਰਨ ਕਈਂ ਹਾਦਸੇ ਵਾਪਰ ਵੀ ਚੁੱਕੇ ਹਨ। ਇਸ ਬਾਰੇ ਗੱਲਬਾਤ ਕਰਦਿਆਂ ਗੁਰਨਾਮ ਸਿੰਘ, ਜੋਗਾ ਸਿੰਘ, ਗੁਰਬਿੰਦਰ ਸਿੰਘ, ਹਰਜੰਤ ਸਿੰਘ, ਮਨਦੀਪ ਸਿੰਘ, ਲੱਕੀ, ਤਰਸੇਮ ਸਿੰਘ ਆਦਿ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਇਹ ਸਮੱਸਿਆ ਹੋ ਰਹੀ ਹੈ। ਹਰ ਸਾਲ ਬਰਸਾਤ ਦੇ ਮੌਸਮ ਤੋਂ ਬਾਅਦ ਅਜਿਹੀ ਸਥਿਤੀ ਨਾਲ ਜੂਝਣਾ ਪੈਂਦਾ ਹੈ। ਜਦੋਂ ਕੋਈ ਹਾਦਸਾ ਵਾਪਰਦਾ ਹੈ ਉਦੋਂ ਹੀ ਜੰਗਲਾਤ ਮਹਿਕਮਾ ਹਰਕਤ ਵਿਚ ਆਉਂਦਾ ਹੈ। ਸ਼ਾਇਦ ਇਸ ਵਾਰ ਵੀ ਮਹਿਕਮੇ ਨੂੰ ਕਿਸੇ ਦਰਦਨਾਕ ਹਾਦਸੇ ਦੀ ਉਡੀਕ ਹੈ।
ਉਹਨਾਂ ਮੰਗ ਕੀਤੀ ਕਿ ਜੰਗਲਾਤ ਮਹਿਕਮੇ ਦੀ ਇਕ ਵਿਸ਼ੇਸ਼ ਟੀਮ ਬਣਾਈ ਜਾਵੇ ਜੋ ਸੜ੍ਹਕਾਂ ਦੇ ਕੰਢਿਆਂ ਉਤੇ ਡਿੱਗੇ ਦਰਖਤਾਂ ਨੂੰ ਕੱਟਿਆ ਜਾਵੇ, ਅਤੇ ਸੜ੍ਹਕ ਵੱਲ ਵਧੀਆ ਹੋਈਆਂ ਟਹਿਣੀਆਂ ਨੂੰ ਵੀ ਛਾਂਗਿਆ ਜਾਵੇ। ਦਰਖਤਾਂ ਦੇ ਖਤਰਾ ਬਣਨ ਦੇ ਤੁਰੰਤ ਪਹਿਲਾਂ ਕਾਰਵਾਈ ਕਰਕੇ ਲੋਕਾਂ ਨੂੰ ਰਾਹਤ ਪਹੁੰਚਾਉਣ ਵਿਚ ਸਮਰੱਥ ਹੋਵੇ।