ਭਾਜਪਾ ਰਾਜ ਸਭਾ ਮੈਂਬਰ ਵਲੋਂ ਸੰਸਦ 'ਚ ਰਾਮ ਮੰਦਰ ਬਾਰੇ ਨਿਜੀ ਬਿਲ ਪੇਸ਼ ਕਰਨ ਦੇ ਸੰਕੇਤ ਮਗਰੋਂ....
ਭਾਜਪਾ ਰਾਜ ਸਭਾ ਮੈਂਬਰ ਵਲੋਂ ਸੰਸਦ 'ਚ ਰਾਮ ਮੰਦਰ ਬਾਰੇ ਨਿਜੀ ਬਿਲ ਪੇਸ਼ ਕਰਨ ਦੇ ਸੰਕੇਤ ਮਗਰੋਂ ਬਿਆਨਬਾਜ਼ੀ ਤੇਜ਼
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਰਾਕੇਸ਼ ਸਿਨਹਾ ਨੇ ਅੱਜ ਸੰਕੇਤ ਦਿਤਾ ਕਿ ਉਹ ਸੰਸਦ ਦੇ ਆਉਣ ਵਾਲੇ ਇਜਲਾਸ ਦੌਰਾਨ ਰਾਮ ਮੰਦਰ ਬਾਰੇ ਨਿਜੀ ਬਿਲ ਪੇਸ਼ ਕਰ ਸਕਦੇ ਹਨ। ਇਸ ਤੋਂ ਬਾਅਦ ਰਾਮ ਮੰਦਰ ਬਾਰੇ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਭਾਜਪਾ ਨੇ ਕਿਹਾ ਕਿ ਉਹ ਅਯੋਧਿਆ 'ਚ ਸੰਵਿਧਾਨਕ ਤਰੀਕੇ ਨਾਲ ਰਾਮ ਮੰਦਰ ਦੀ ਉਸਾਰੀ ਲਈ ਵਚਨਬੱਧ ਹੈ। ਪਾਰਟੀ ਨੇ ਇਸ ਵਿਸ਼ੇ 'ਤੇ ਨਿਜੀ ਬਿਲ ਜਾਂ ਕਿਸੇ ਹੋਰ ਕਾਨੂੰਨੀ ਪਹਿਲ ਬਾਰੇ ਕਿਹਾ ਕਿ ਭਵਿੱਖ ਦੇ ਕਿਸੇ ਬਿਲ ਬਾਰੇ ਕੋਈ ਟਿਪਣੀ ਕਰਨਾ ਜਾਇਜ਼ ਨਹੀਂ ਹੈ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਾਜਪਾ ਸੰਵਿਧਾਨਿਕ ਤਰੀਕੇ ਨਾਲ ਰਾਮ ਮੰਦਰ ਦੀ ਉਸਾਰੀ ਦੇ ਹੱਕ 'ਚ ਹੈ। 1989 'ਚ ਪਾਲਮਪੁਰ ਇਜਲਾਸ 'ਚ ਮੰਦਰ ਦੀ ਉਸਾਰੀ ਦਾ ਅਹਿਦ ਲਿਆ ਗਿਆ ਸੀ। ਇਸ 'ਚ ਕੋਈ ਸ਼ੱਕ ਨਹੀਂ ਕਿ ਭਾਜਪਾ ਰਾਮ ਮੰਦਰ ਦੀ ਉਸਾਰੀ ਲਈ ਵਚਨਬੱਧ ਹੈ। ਰਾਕੇਸ਼ ਸਿਨਹਾ ਨੇ ਟਵੀਟ ਕੀਤਾ ਸੀ ''ਜੋ ਲੋਕ ਭਾਜਪਾ, ਆਰ.ਐਸ.ਐਸ. ਨੂੰ ਉਲਾਂਭਾ ਦਿੰਦੇ ਰਹਿੰਦੇ ਹਨ ਕਿ ਰਾਮ ਮੰਦਰ ਦੀ ਮਿਤੀ ਦੱਸੋ, ਉਨ੍ਹਾਂ ਨੂੰ ਸਿੱਧਾ ਸਵਾਲ ਹੈ ਕਿ ਉਹ ਮੇਰੇ ਨਿਜੀ ਬਿਲ ਦੀ ਹਮਾਇਤ ਕਰਨਗੇ? ਸਮਾਂ ਆ ਗਿਆ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਦਾ।''
ਉਨ੍ਹਾਂ ਅਪਣੇ ਟਵੀਟ 'ਚ ਰਾਹੁਲ ਗਾਂਧੀ, ਅਖਿਲੇਸ਼ ਯਾਵ, ਸੀਤਾਰਾਮ ਯੇਚੁਰੀ, ਲਾਲੂ ਪ੍ਰਸਾਦ ਯਾਦਵ ਅਤੇ ਮਾਇਆਵਤੀ ਨੂੰ ਟੈਗ ਕਰ ਦਿਤਾ। ਉਧਰ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਰਪਣਾ ਯਾਦਵ 'ਰਾਮ ਦੇ ਨਾਲ' ਹਨ ਅਤੇ ਚਾਹੁੰਦੇ ਹਨ ਕਿ ਅਯੋਧਿਆ 'ਚ ਰਾਮ ਮੰਦਰ ਬਣੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਹੈ ਕਿ ਸੁਣਵਾਈ ਜਨਵਰੀ 'ਚ ਹੋਵੇਗੀ ਤਾਂ ਸਾਨੂੰ ਉਡੀਕ ਕਰਨੀ ਚਾਹੀਦੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਮਸਜਿਦ ਨਹੀਂ ਬਣਨੀ ਚਾਹੀਦੀ, ਉਨ੍ਹਾਂ ਕਿਹਾ, ''ਮੈਂ ਤਾਂ ਮੰਦਰ ਦੇ ਹੱਕ 'ਚ ਹਾਂ ਕਿਉਂਕਿ ਰਾਮਾਇਣ 'ਚ ਵੀ ਰਾਮ ਜਨਮਭੂਮੀ ਦਾ ਜ਼ਿਕਰ ਆਉਂਦਾ ਹੈ।''
ਅਰਪਣਾ ਬਾਰਾਬੰਕੀ ਦੇ ਦੇਵਾ ਸ਼ਰੀਦ 'ਚ ਕਲ ਰਾਤ ਇਕ ਨਿਜੀ ਪ੍ਰੋਗਰਾਮ 'ਚ ਆਈ ਸੀ। ਉਧਰ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਭਾਜਪਾ ਨੂੰ ਰਾਮ ਮੰਦਰ ਨਿਰਮਾਣ ਨੂੰ ਇਕ 'ਜੁਮਲਾ' ਦੱਸਣ ਲਈ ਲਲਕਾਰਦਿਆਂ ਕਿਹਾ ਕਿ ਅਜਿਹਾ ਕਹਿਣ 'ਤੇ ਭਾਜਪਾ ਲੋਕ ਸਭਾ 'ਚ 280 ਸੀਟਾਂ ਤੋਂ ਦੋ ਸੀਟਾਂ 'ਤੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਲਈ ਅਯੋਧਿਆ 'ਚ ਜੋ ਇੱਟਾਂ ਲਿਆਂਦੀਆਂ ਗਈਆਂ ਸਨ ਉਹ ਸੱਚਮੁਚ ਰਾਮ ਮੰਦਰ ਲਈ ਨਹੀਂ ਬਲਕਿ ਸੱਤਾ ਹਾਸਲ ਕਰਨ ਲਈ ਬਣਾਈ ਪੌੜੀ ਸਨ। ਉਨ੍ਹਾਂ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਮਹਾੜ 'ਚ ਸ਼ਿਵ ਸੈਨਾ ਕਾਰਕੁਨਾਂ ਸੰਬੋਧਨ ਕਰਦਿਆਂ ਇਹ ਬਿਆਨ ਦਿਤਾ।
ਸ਼ਿਵ ਸੈਨਾ ਅਤੇ ਭਾਜਪਾ ਮਹਾਰਾਸ਼ਟਰ ਅਤੇ ਕੇਂਦਰ ਸਰਕਾਰ 'ਚ ਭਾਈਵਾਲ ਹਲ ਪਰ ਕਈ ਮੁੱਦਿਆਂ 'ਤੇ ਦੋਹਾਂ ਦੀ ਨਹੀਂ ਬਣਦੀ। ਉਧਰ ਬੇਂਗਲੁਰੂ 'ਚ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰੌਸ਼ਨ ਬੇਗ ਨੇ ਸਵਾਲ ਕੀਤਾ ਕਿ ਰਾਮ ਮੰਦਰ ਭਾਰਤ 'ਚ ਨਹੀਂ ਬਣੇਗਾ ਤਾਂ ਕੀ ਪਾਕਿਸਤਾਨ 'ਚ ਬਣੇਗਾ? ਉਨ੍ਹਾਂ ਕਿਹਾ ਕਿ ਮੁਸਲਮਾਨ ਅਪਣੇ ਹਿੰਦੂ ਭਰਾਵਾਂ ਦੀਆਂ ਭਾਵਨਾਵਾਂ ਦਾ ਮਾਣ ਕਰਦੇ ਹਨ।
ਰਾਮ ਮੰਦਰ ਦੇ ਮੁੱਦੇ 'ਤੇ ਆਰਡੀਨੈਂਸ ਲਿਆਉਣ ਦੀਆਂ ਕਥਿਤ ਕੋਸ਼ਿਸ਼ਾਂ ਲਈ ਭਾਜਪਾ 'ਤੇ ਨਿਸ਼ਾਨਾ ਲਾਉਂਦਿਆਂ ਬੇਗ ਨੇ ਪੁਛਿਆ ਕਿ ਕੇਂਦਰ 'ਚ ਭਗਵੀਂ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ 'ਚ ਕੀ ਕਰ ਰਹੀ ਸੀ? ਉਨ੍ਹਾਂ ਕਿਹਾ ਕਿ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਭਾਜਪਾ ਨੇ ਰਾਮ ਮੰਦਰ ਦੀ ਗੱਲ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ, ''ਬਹੁਤ ਹੋ ਗਿਆ, ਚੋਣਾਂ ਤੋਂ ਪਹਿਲਾਂ ਸਮਾਜ ਦੇ ਧਰੁਵੀਕਰਨ ਦੀ ਕੋਸ਼ਿਸ਼ ਨਾ ਕਰੋ। ਮੈਂ ਚਾਹੁੰਦਾ ਹਾਂ ਕਿ ਹਿੰਦੂ ਅਤੇ ਮੁਸਲਮਾਲ ਸ਼ਾਂਤੀ ਨਾਲ ਰਹਿਣ।'' (ਪੀਟੀਆਈ)