ਸਿਰਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਅਪੀਲ ਕੀਤੀ ਹੈ...............

Manjinder Singh Sirsa

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦੇ ਸੀਓ ਕੋਲੀਵਾੜਾ ਰਫਿਊਜੀ ਕੈਂਪ ਵਿਚ  ਵੰਡ ਵੇਲੇ ਦੀ ਸਥਿਤ ਕਲੌਨੀ ਦੇ ਵਸਨੀਕਾਂ ਦੇ ਮੁੜ ਵਸੇਬੇ ਵਿਚ ਮਦਦ ਕਰਨ।ਮੁੱਖ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਸ. ਸਿਰਸਾ ਨੇ ਕਿਹਾ ਕਿ ਮੁੰਬਈ ਦੇ ਸੀਓ ਕੋਲੀਵਾੜਾ ਰਫਿਊਜੀ ਕੈਂਪ ਵਿਚ ਸਥਿਤ  ਵੰਡ ਵੇਲੇ ਦੀ ਇਸ ਕਲੌਨੀ ਦੇ ਵਸਨੀਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀ ਵਲੋਂ ਅਣਗੌਲਿਆ ਕਰਨ ਤੇ ਬਿਲਡਿੰਗ ਹਾਊਸਿੰਗ ਸੁਸਾਇਟੀ ਦੀ ਅਣਹੋਂਦ ਕਾਰਨ ਇਸ ਇਮਾਰਤ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਲੌਨੀ ਵਿਚ ਤਕਰੀਬਨ 1008 ਪੰਜਾਬੀ ਪਰਵਾਰ ਰਹਿੰਦੇ ਹਨ।ਇਨ੍ਹਾਂ ਨੇ 1947 ਦੀ ਭਾਰਤ-ਪਾਕਿ ਵੰਡ ਵੇਲੇ ਇਥੇ ਸ਼ਰਣ ਲਈ ਸੀ ਤੇ ਤਕਰੀਬਨ 60 ਵਰ੍ਹਿਆਂ ਤੋਂ ਇਸ ਚਾਲ ਵਿਚ ਰਹਿ ਰਹੇ ਹਨ।ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਨੂੰ ਮੁੰਬਈ ਨਗਰ ਨਿਗਮ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿਚ ਆਖਿਆ ਗਿਆ ਹੈ ਕਿ ਇਹ ਇਮਾਰਤ ਖਤਰਨਾਕ ਹੈ ਤੇ ਇਸ ਵਿਚ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਵਾਸਤੇ ਆਖਿਆ ਗਿਆ ਹੈ

ਪਰ ਉਨ੍ਹਾਂ ਦੇ ਮੁੜ ਵਸੇਬੇ ਬਾਰੇ ਕੁਝ ਨਹੀਂ ਕੀਤਾ ਗਿਆ।ਸ. ਸਿਰਸਾ ਨੇ ਕਿਹਾ ਕਿ ਵੱਡੀ ਮੁਸ਼ਕਿਲ ਇਹ ਹੈ ਕਿ ਇਹ ਸਾਰੇ ਗਰੀਬ ਪਰਵਾਰ ਹਨ ਤੇ ਇਨ੍ਹਾਂ ਕੋਲ ਹੋਰ ਕੋਈ ਥਾਂ ਨਹੀਂ ਹੈ ਜਿਥੇ ਇਹ ਜਾ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਇਸ ਚਾਲ ਵਿਚ ਰਹਿੰਦੇ ਪਰਵਾਰਾਂ ਨੂੰ ਇਨ੍ਹਾਂ ਦੇ ਨਵੇਂ ਫਲੈਟ ਬਣਨ ਤੇ ਇਨ੍ਹਾਂ ਨੂੰ ਸੌਂਪੇ ਜਾਣ ਤੱਕ ਮੁੰਬਈ ਵਿਚ ਆਰਜ਼ੀ ਤੌਰ 'ਤੇ ਕਿਸੇ ਮੁੜ ਵਸਾਇਆ ਜਾਵੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਇਸ ਮਾਮਲੇ 'ਤੇ ਹਮਦਰਦੀ ਨਾਲ ਵਿਚਾਰ ਕਰਨਗੇ ਤੇ ਇਨ੍ਹਾਂ ਪਰਵਾਰਾਂ ਦੇ ਮੁੜ ਵਸੇਬੇ 'ਚ ਸਹਾਇਤਾ ਕਰਨਗੇ।