ਸਰਕਾਰ ਦਾ ਪਟਰੌਲ, ਡੀਜ਼ਲ ਉਤੇ ਟੈਕਸ ਕਟੌਤੀ ਤੋਂ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਪਟਰੌਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਗ੍ਰਾਹਕਾਂ ਨੂੰ ਰਾਹਤ ਦੇਣ ਲਈ ਆਬਕਾਰੀ ਡਿਊਟੀ 'ਚ ਕਟੌਤੀ ਦੀਆਂ ਸੰਭਾਵਨਾਵਾਂ ਨੂੰ ਖ਼ਾਰਜ ਕਰ ਦਿਤਾ..............

Petrol Pump

ਨਵੀਂ ਦਿੱਲੀ : ਸਰਕਾਰ ਨੇ ਪਟਰੌਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਗ੍ਰਾਹਕਾਂ ਨੂੰ ਰਾਹਤ ਦੇਣ ਲਈ ਆਬਕਾਰੀ ਡਿਊਟੀ 'ਚ ਕਟੌਤੀ ਦੀਆਂ ਸੰਭਾਵਨਾਵਾਂ ਨੂੰ ਖ਼ਾਰਜ ਕਰ ਦਿਤਾ। ਸਰਕਾਰ ਨੇ ਕਿਹਾ ਕਿ ਖ਼ਜ਼ਾਨਾ ਵਸੂਲੀ 'ਚ ਕਿਸੇ ਤਰ੍ਹਾਂ ਦੀ ਕਟੌਤੀ ਦੀ ਉਸ ਦੇ ਸਾਹਮਣੇ ਬਹੁਤ ਗੁੰਜਾਇਸ਼ ਹੈ। ਇਕ ਸਿਖਰਲੇ ਅਧਿਕਾਰੀ ਨੇ ਇਹ ਗੱਲ ਕਹੀ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ 'ਚ ਕਮੀ ਕਰ ਕੇ ਦਰਾਮਦ ਮਹਿੰਗੀ ਹੋ ਰਹੀ ਹੈ। ਸਰਕਾਰ ਨੂੰ ਲਗਦਾ ਹੈ ਕਿ ਇਸ ਨਾਲ ਚਾਲੂ ਖਾਤੇ ਦਾ ਘਾਟਾ ਟੀਚੇ ਤੋਂ ਉੱਪਰ ਨਿਕਲ ਸਕਦਾ ਹੈ।

ਅਜਿਹੇ 'ਚ ਉਹ ਪਟਰੌਲ, ਡੀਜ਼ਲ ਉਤੇ ਆਬਕਾਰੀ ਡਿਊਟੀ ਘੱਟ ਕਰ ਕੇ ਖ਼ਜ਼ਾਨੇ ਦੇ ਗਣਿਤ ਨਾਲ ਛੇੜਛਾੜ ਨਹੀਂ ਕਰਨਾ ਚਾਹੁੰਦੀ। ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਇਹ ਕਿਹਾ। ਇਸ ਦੌਰਾਨ ਭਾਰਤੀ ਮੁਦਰਾ ਵੀ ਅਮਰੀਕੀ ਡਾਲਰ ਦੇ ਮੁਕਾਬਲੇ 71.54 ਦੇ ਰੀਕਾਰਡ ਪੱਧਰ 'ਤੇ ਡਿੱਗ ਗਈ, ਜਿਸ ਕਰ ਕੇ ਦਰਾਮਦ ਵੀ ਮਹਿੰਗੀ ਹੋ ਗਈ। ਦਿੱਲੀ 'ਚ ਪਟਰੌਲ ਦੀ ਕੀਮਤ 79.31 ਰੁਪਏ ਪ੍ਰਤੀ ਲੀਟਰ ਦੀ ਰੀਕਾਰਡ ਉਚਾਈ 'ਤੇ ਪਹੁੰਚ ਗਈ ਹੈ। ਜਦਕਿ ਡੀਜ਼ਲ ਦੀ ਕੀਮਤ 71.34 ਰੁਪਏ ਦੇ ਰੀਕਾਰਡ ਪੱਧਰ 'ਤੇ ਪਹੁੰਚ ਗਈ। ਇਸ ਤੇਜ਼ੀ ਨੂੰ ਘੱਟ ਕਰਨ ਲਈ ਆਬਕਾਰੀ ਡਿਊਟੀ 'ਚ ਕਟੌਤੀ ਕਰਨ ਦੀ ਮੰਗ ਉਠ ਰਹੀ ਹੈ।

ਇਨ੍ਹਾਂ ਦੋਵੇਂ ਬਾਲਣਾਂ ਦੀਆਂ ਕੀਮਤਾਂ 'ਚ ਲਗਭਗ ਅੱਧਾ ਹਿੱਸਾ ਕੇਂਦਰੀ ਅਤੇ ਸੂਬਾ ਸਰਕਾਰਾਂ ਵਲੋਂ ਲਏ ਜਾਣ ਵਾਲੇ ਟੈਕਸ ਦਾ ਹੁੰਦਾ ਹੈ। ਪਟਰੌਲ, ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ 'ਤੇ ਟਿਪਣੀ ਕਰਦਿਆਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਕਿਉਂਕਿ ਜ਼ਿਆਦਾ ਟੈਕਸ ਕਰ ਕੇ ਕੀਮਤਾਂ ਉੱਚੀਆਂ ਹਨ। ਜਦਕਿ ਵਿੱਤ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਚੋਣ ਵਰ੍ਹੇ 'ਚ ਸਰਕਾਰ ਜਨਤਕ ਖ਼ਰਚ 'ਚ ਕਟੌਤੀ ਦਾ ਖ਼ਤਰਾ ਉਠਾ ਨਹੀਂ ਸਕਦੀ। ਇਸ ਦਾ ਵਿਕਾਸ ਕਾਰਜਾਂ 'ਤੇ ਅਸਰ ਹੋਵੇਗਾ। 

ਅੱਜ ਦਿੱਲੀ ਵਿਚ ਪਟਰੌਲ ਦੀ ਕੀਮਤ 16 ਪੈਸੇ ਅਤੇ ਡੀਜ਼ਲ ਦਾ ਮੁੱਲ 19 ਪੈਸੇ ਪ੍ਰਤੀ ਵਧੀ ਹੈ। ਜ਼ਿਕਰਯੋਗ ਹੈ ਕਿ ਡੀਜ਼ਲ ਅਤੇ ਪਟਰੌਲ ਜੀ.ਐਸ.ਟੀ. ਦੇ ਦਾਇਰੇ ਤੋਂ ਬਾਹਰ ਹੈ। ਇਸ ਲਈ ਸੂਬਿਆਂ ਵਿਚ ਇਨ੍ਹਾਂ 'ਤੇ ਸਥਾਨਕ ਵਿਕਰੀ ਟੈਕਸ ਦੀਆਂ ਦਰਾਂ ਵੱਖੋ-ਵੱਖ ਹੋਣ ਨਾਲ ਪਟਰੌਲੀਅਮ ਈਂਧਣ ਦੀਆਂ ਕੀਮਤਾਂ ਵੀ ਵੱਖੋ-ਵੱਖ ਹੋ ਜਾਂਦੀਆਂ ਹਨ। ਪਟਰੌਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਨਾਲ ਮਹਿੰਗਾਈ ਵੀ ਵਧਦੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ 16 ਜੂਨ ਤੋਂ ਪੂਰੇ ਦੇਸ਼ 'ਚ ਰੋਜ਼ਾਨਾ ਕੀਮਤਾਂ ਬਦਲਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਉਦੋਂ ਜਲੰਧਰ 'ਚ ਪਟਰੌਲ ਦੀ ਕੀਮਤ 70.45 ਰੁਪਏ ਪ੍ਰਤੀ ਲੀਟਰ ਸੀ। ਜਦਕਿ ਡੀਜ਼ਲ ਦੀ ਕੀਮਤ 54.74 ਰੁਪਏ ਪ੍ਰਤੀ ਲੀਟਰ ਸੀ।  (ਏਜੰਸੀਆਂ)
 

Related Stories