ਆਮਦਨ ਟੈਕਸ ਰਿਟਰਨ 'ਚ ਇਸ ਸਾਲ ਹੁਣ ਤਕ 50 ਫ਼ੀ ਸਦੀ ਵਾਧਾ : ਸੀ.ਬੀ.ਡੀ.ਟੀ. ਚੇਅਰਮੈਨ
ਨਿਰਧਾਰਨ ਸਾਲ 2018-19 'ਚ ਦਾਇਰ ਹੋਣ ਵਾਲੇ ਆਮਦਨ ਰਿਟਰਨ (ਆਈ.ਟੀ.ਆਰ.) 'ਚ ਪਿਛਲੇ ਸਾਲ ਦੀ ਤੁਲਨਾ 'ਚ ਹੁਣ ਤਕ 50 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ...........
ਨਵੀਂ ਦਿੱਲੀ : ਨਿਰਧਾਰਨ ਸਾਲ 2018-19 'ਚ ਦਾਇਰ ਹੋਣ ਵਾਲੇ ਆਮਦਨ ਰਿਟਰਨ (ਆਈ.ਟੀ.ਆਰ.) 'ਚ ਪਿਛਲੇ ਸਾਲ ਦੀ ਤੁਲਨਾ 'ਚ ਹੁਣ ਤਕ 50 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਦੇ ਚੇਅਰਮੈਨ ਸੁਸ਼ੀਲ ਚੰਦਰਾ ਨੇ ਸੀ.ਆਈ.ਆਈ. ਦੇ ਇਕ ਪ੍ਰੋਗਰਾਮ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਨੋਟਬੰਦੀ ਦਾ ਅਸਰ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇਸ਼ 'ਚ ਟੈਕਸ ਦਾ ਦਾਅਰਾ ਵਧਾਉਣ ਲਈ ਕਾਫੀ ਚੰਗਾ ਰਿਹਾ ਹੈ।
ਇਸ ਸਾਲ ਸਾਨੂੰ ਅਜੇ ਤਕ ਹੀ ਕਰੀਬ 6.08 ਕਰੋੜ ਆਈ.ਟੀ.ਆਰ. ਮਿਲ ਚੁੱਕੇ ਹਨ ਜੋ ਪਿਛਲੇ ਸਾਲ ਦੀ ਇਸ ਤਾਰੀਕ ਤਕ ਮਿਲੇ ਆਈ.ਟੀ.ਆਰ. ਤੋਂ 50 ਫ਼ੀ ਸਦੀ ਵੱਧ ਹੈ। ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਰਾਜਸਵ ਵਿਭਾਗ ਚਾਲੂ ਵਿੱਤੀ ਸਾਲ ਦੌਰਾਨ 11.5 ਲੱਖ ਕਰੋੜ ਰੁਪਏ ਦਾ ਪ੍ਰਤੱਖ ਟੈਕਸ ਸੰਗ੍ਰਹਿ ਦਾ ਟੀਚਾ ਪ੍ਰਾਪਤ ਕਰ ਲਵੇਗਾ। ਚੰਦਰਾ ਨੇ ਕਿਹਾ ਕਿ ਸਾਡੇ ਸਕਲ ਪ੍ਰਤੱਖ ਟੈਕਸ 'ਚ 16.5 ਫ਼ੀ ਸਦੀ ਅਤੇ ਸ਼ੁੱਧਤਾ ਪ੍ਰਤੱਖ ਟੈਕਸ 'ਚ 14.5 ਫ਼ੀ ਸਦੀ ਦਰ ਨਾਲ ਵਾਧਾ ਹੋਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਨੋਟਬੰਦੀ ਨਾਲ ਟੈਕਸ ਦਾਅਰਾ ਵਧਾਉਣ 'ਚ ਅਸਲ 'ਚ ਮਦਦ ਮਿਲੀ ਹੈ।
ਉਨ੍ਹਾਂ ਦਸਿਆ ਕਿ ਸੂਚਨਾਵਾਂ ਦੇ ਆਟੋਮੈਟਿਕ ਆਦਾਨ-ਪ੍ਰਦਾਨ ਦੇ ਤਹਿਤ 70 ਦੇਸ਼ ਭਾਰਤ ਦੇ ਨਾਲ ਸੂਚਨਾਵਾਂ ਸਾਂਝੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਕਾਰਨ ਕਾਰਪੋਰੇਟ ਟੈਕਸਦਾਤਾਵਾਂ ਦੀ ਗਿਣਤੀ ਪਿਛਲੇ ਸਾਲ ਦੇ ਸੱਤ ਲੱਖ ਦੀ ਤੁਲਨਾ 'ਚ ਵਧਾ ਕੇ ਅੱਠ ਲੱਖ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਸੀ.ਬੀ.ਡੀ.ਟੀ. ਛੇਤੀ ਹੀ ਚਾਰ ਘੰਟੇ ਦੇ ਅੰਦਰ ਈ-ਪੈਨ ਦੀ ਸ਼ੁਰੂਆਤ ਕਰੇਗੀ। (ਪੀਟੀਆਈ)