ਮੇਹੁਲ ਚੌਕਸੀ ਦੀ ਗ੍ਰਿਫ਼ਤਾਰੀ ਲਈ ਭਾਰਤ-ਐਂਟੀਗੁਆ ਵਿਚਾਲੇ ਹੋਈ ਹਵਾਲਗੀ ਸੰਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚੋਂ ਹਜ਼ਾਰਾਂ ਕਰੋੜਾਂ ਦਾ ਘਪਲਾ ਕਰ ਕੇ ਫ਼ਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੌਕਸੀ 'ਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ..............

Mehul Choksi

ਨਵੀਂ ਦਿੱਲੀ : ਦੇਸ਼ ਵਿਚੋਂ ਹਜ਼ਾਰਾਂ ਕਰੋੜਾਂ ਦਾ ਘਪਲਾ ਕਰ ਕੇ ਫ਼ਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੌਕਸੀ 'ਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ। ਹੁਣ ਜਲਦ ਹੀ ਉਹ ਭਾਰਤੀ ਅਧਿਕਾਰੀਆਂ ਦੇ ਕਬਜ਼ੇ ਵਿਚ ਹੋਵੇਗਾ। ਇੱਥੋਂ ਭੱਜ ਕੇ ਉਸ ਨੇ ਕੈਰੀਬੀਆਈ ਦੇਸ਼ ਐਂਟੀਗੁਆ ਦੀ ਨਾਗਰਿਕਤਾ ਹਾਸਲ ਕਰ ਲਈ ਸੀ, ਜਿਸ ਨਾਲ ਹਵਾਲਗੀ ਸੰਧੀ ਨਹੀਂ ਸੀ। ਇਕ ਰਿਪੋਰਟ ਮੁਤਾਬਕ ਭਾਰਤ ਤੇ ਐਂਟੀਗੁਆ ਨੇ ਹਵਾਲਗੀ ਸੰਧੀ 'ਤੇ ਦਸਤਖ਼ਤ ਕਰ ਦਿਤੇ ਹਨ।  ਅਜਿਹੇ ਵਿਚ ਹੁਣ ਚੌਕਸੀ ਨੂੰ ਆਸਾਨੀ ਨਾਲ ਕਾਨੂੰਨੀ ਪ੍ਰਕਿਰਿਆ ਤਹਿਤ ਉਥੋਂ ਭਾਰਤ ਲਿਆਂਦਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਚੌਕਸੀ ਐਂਟੀਗੁਆ ਵਿਚ ਮੌਜੂਦ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਭਾਰਤੀ ਏਜੰਸੀਆਂ ਉਸ ਤਕ ਪਹੁੰਚਣ ਲਈ ਹਰ ਸੰਭਵ ਯਤਨ 'ਤੇ ਕੰਮ ਕਰ ਰਹੀਆਂ ਸਨ। ਹੁਣ ਭਾਰਤੀ ਏਜੰਸੀਆਂ ਨੂੰ ਅਪਣੇ ਯਤਨਾਂ ਵਿਚ ਕਾਮਯਾਬੀ ਮਿਲ ਗਈ ਹੈ। ਚੌਕਸੀ ਦੇ ਮਾਮਲੇ 'ਚ ਮਿਲੀ ਇਹ ਕਾਮਯਾਬੀ ਮੋਦੀ ਸਰਕਾਰ ਲਈ ਵੀ ਰਾਹਤ ਦੀ ਗੱਲ ਹੈ ਕਿਉਂ ਕਿ ਸਰਕਾਰ ਦੇ ਰਵੱਈਏ 'ਤੇ ਵਿਰੋਧੀ ਹਮਲਾਵਰ ਸੀ। ਮੇਹੁਲ ਚੌਕਸੀ ਨੇ ਐਂਟੀਗੁਆ ਦੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ। ਭਾਰਤੀ ਵਿਦੇਸ਼ ਮੰਤਰਾਲਾ ਵਲੋਂ ਇਸ ਸਬੰਧੀ ਇਕ ਨੋਟੀਫ਼ੀਕੇਸ਼ਨ ਵੀ ਜਾਰੀ ਕੀਤਾ ਗਿਆ ਹੈ। 

ਭਾਰਤ ਸਰਕਾਰ ਨੇ ਕਿਹਾ ਹੈ ਕਿ ਹਵਾਲਗੀ ਸੰਧੀ 1962 ਐਕਟ ਐਂਟੀਗੁਆ ਏਂਡ ਬਰਬੁਡਾ 'ਤੇ ਵੀ ਲਾਗੂ ਹੋਣਗੇ। ਇਸ ਤੋਂ ਪਹਿਲਾਂ ਐਂਟੀਗੁਆ ਨੇ ਕਿਹਾ ਸੀ ਕਿ ਦੋਵੇਂ ਦੇਸ਼ਾਂ ਦੇ ਰਾਸ਼ਟਰ ਮੰਡਲ ਦਾ ਮੈਂਬਰ ਹੋਣ ਦੇ ਨਾਤੇ ਉਸ ਦੇ ਕਾਨੂੰਨ ਵਿਚ ਚੌਕਸੀ ਦੀ ਹਵਾਲਗੀ ਦੀ ਉਮੀਦ ਹੈ, ਬੇਸ਼ੱਕ ਹੀ ਦੋਵੇਂ ਦੇਸ਼ਾਂ ਦੇ ਵਿਚਕਾਰ ਹਵਾਲਗੀ ਸੰਧੀ ਨਾ ਹੋਵੇ।

ਹਾਲ ਹੀ ਵਿਚ ਐਂਟੀਗੁਆ ਸਰਕਾਰ ਵਲੋਂ ਦਸਿਆ ਗਿਆ ਸੀ ਕਿ ਭਾਰਤ ਵਲੋਂ ਪੁਲਿਸ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਭਗੌੜੇ ਕਾਰੋਬਾਰੀ ਨੂੰ ਨਾਗਰਿਕਤਾ ਦਿਤੀ ਗਈ। ਐਂਟੀਗੁਆ ਸਰਕਾਰ ਦੀ ਸਿਟੀਜ਼ਨਸ਼ਿਪ ਬਾਏ ਇਨਵੈਸਟਮੈਂਟ ਯੂਨਿਟ (ਸੀਆਈਯੂ) ਨੇ ਅਪਣੇ ਬਿਆਨ ਵਿਚ ਦਸਿਆ ਸੀ ਕਿ ਉਸ ਨੂੰ ਮਈ 2017 ਵਿਚ ਮੇਹੁਲ ਚੌਕਸੀ ਦੀ ਅਰਜ਼ੀ ਮਿਲੀ ਸੀ। ਅਰਜ਼ੀ ਵਿਚ ਚੌਕਸੀ ਨੇ ਸਾਰੇ ਜ਼ਰੂਰੀ ਕਾਗਜ਼ਾਤ ਜਮ੍ਹਾਂ ਕੀਤੇ ਸਨ।  (ਏਜੰਸੀ)