90 ਦੇ ਨੇੜੇ ਪੁੱਜੀ ਪਟਰੌਲ ਦੀ ਕੀਮਤ, ਬਾਕੀ ਉਤਪਾਦਾਂ 'ਤੇ ਵੀ ਪੈ ਰਿਹੈ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ, ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਬਵਾਲ ਮਚਿਆ ਹੋਇਆ ਹੈ। ਦਿੱਲੀ ਵਿਚ ਪਟਰੌਲ ਦੀਆਂ ਕੀਮਤਾਂ ...

Petrol Pump

ਨਵੀਂ ਦਿੱਲੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ, ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਬਵਾਲ ਮਚਿਆ ਹੋਇਆ ਹੈ। ਦਿੱਲੀ ਵਿਚ ਪਟਰੌਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪੁੱਜ ਗਈਆਂ ਹਨ। ਕੌਮੀ ਰਾਜਧਾਨੀ ਵਿਚ ਪਟਰੌਲ 80.38 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 72.51 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਿਆ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪਟਰੌਲ ਦੀ ਕੀਮਤ 39 ਪੈਸੇ ਅਤੇ ਡੀਜ਼ਲ ਦੀ ਕੀਮਤ 44 ਪੈਸੇ ਪ੍ਰਤੀ ਲੀਟਰ ਵਧਾਈ ਗਈ ਹੈ।

ਦੂਜੇ ਪਾਸੇ ਮੁੰਬਈ ਵਿਚ ਪਟਰੌਲ 87.77 ਰੁਪਏ ਅਤੇ ਡੀਜ਼ਲ ਦੀ ਪ੍ਰਤੀ ਲੀਟਰ 76.98 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪਟਰੌਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਪਟਰੌਲ ਦੀ ਕੀਮਤ ਵਿਚ ਵਾਧੇ ਨਾਲ ਲੋਕਾਂ ਦੀ ਜੇਬ ਹਲਕੀ ਹੋ ਰਹੀ ਹੈ। ਮਾਰਕੀਟ ਵਿਚ ਵਿਕਦੇ ਬਾਕੀ ਸਾਰੇ ਉਤਪਾਦਾਂ 'ਤੇ ਵੀ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਵੇਖਣ ਨੂੰ ਮਿਲ ਰਿਹਾ। ਕੀਮਤਾਂ ਵਧਣ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਅਤੇ ਡਾਲਰ ਦੇ ਮੁਕਾਬਲੇ ਰੁਪਈਏ ਦਾ ਕਮਜ਼ੋਰ ਹੋਣਾ ਹੈ।

ਦਸ ਦਈਏ ਕਿ ਜਦੋਂ ਤੋਂ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਕੇਂਦਰੀ ਸੱਤਾ ਵਿਚ ਆਈ ਹੈ, ਉਦੋਂ ਤੋਂ ਹੀ ਕੇਂਦਰ ਸਰਕਾਰ ਵਲੋਂ 'ਅੱਛੇ ਦਿਨ' ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਫ਼ਸੋਸ ਕਿ ਚਾਰ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ 'ਤੇ ਵੀ ਲੋਕ ਮੋਦੀ ਦੇ ਅੱਛੇ ਦਿਨਾਂ ਦੀ ਉਡੀਕ ਕਰ ਰਹੇ ਹਨ। ਅੱਛੇ ਦਿਨਾਂ ਦੀ ਉਡੀਕ ਤਾਂ ਪਤਾ ਨਹੀਂ ਕਦੋਂ ਖ਼ਤਮ ਹੋਵੇਗੀ ਪਰ ਲਗਾਤਾਰ ਵਧ ਰਹੀ ਮਹਿੰਗਾਈ ਗ਼ਰੀਬਾਂ ਦੀ ਜ਼ਿੰਦਗੀ ਨੂੰ ਜ਼ਰੂਰ ਖ਼ਤਮ ਕਰ ਦੇਵੇਗੀ।  ਪਟਰੌਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਮਹਿੰਗਾਈ ਨੂੰ ਬੜ੍ਹਾਵਾ ਦੇ ਰਹੀਆਂ ਹਨ ਪਰ ਸਰਕਾਰ ਇਸ ਨੂੰ ਘੱਟ ਕਰਨ ਲਈ ਕੋਈ ਚਾਰਾਜ਼ੋਈ ਨਹੀਂ ਕਰਦੀ ਨਹੀਂ ਜਾਪਦੀ। 

ਨਿੱਤ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹਦੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਵਧ ਰਹੀ ਮਹਿੰਗਾਈ ਘੱਟ ਹੋਣ ਦੇ ਆਸਾਰ ਕਿਤੇ ਦੂਰ-ਦੂਰ ਤਕ ਵੀ ਦਿਖਾਈ ਨਹੀਂ ਦੇ ਰਹੇ ਬਲਕਿ ਇਸ ਦੇ ਹੋਰ ਵਧਣ ਦੇ ਸੰਕੇਤ ਜ਼ਰੂਰ ਮਿਲ ਰਹੇ ਹਨ....ਕਿਉਂਕਿ ਪਟਰੌਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਹੁਣ ਕਈ ਕੰਪਨੀਆਂ ਨੇ ਨਿੱਤ ਵਰਤੋਂ ਵਿਚ ਆਉਣ ਵਾਲੇ ਉਤਪਾਦਾਂ ਵਿਚ 5 ਤੋਂ 8 ਫ਼ੀਸਦੀ ਦਾ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਖ਼ੈਰ, ਪੈਟਰੌਲ-ਡੀਜ਼ਲ ਦੀ ਕੀਮਤ ਸਨਿਚਰਵਾਰ ਨੂੰ ਫਿਰ ਵਧ ਗਈ।

ਇੰਝ ਜਾਪਦੈ ਕਿ ਮੋਦੀ ਸਰਕਾਰ ਦੇ ਇਸ ਕਾਰਜਕਾਲ ਵਿਚ ਲੋਕਾਂ ਦੀ 'ਅੱਛੇ ਦਿਨਾਂ' ਦੀ ਉਡੀਕ ਖ਼ਤਮ ਨਹੀਂ ਹੋਣ ਵਾਲੀ, ਉਨ੍ਹਾਂ ਨੂੰ ਅਜੇ ਮਹਿੰਗਾਈ ਦੀ ਚੱਕੀ ਵਿਚ ਹੋਰ ਪਿਸਣਾ ਪਵੇਗਾ।