ਪਹਿਲਵਾਨਾਂ ਵਿਰੁਧ ਨਫ਼ਰਤੀ ਭਾਸ਼ਣ ਦਾ ਕੋਈ ਮਾਮਲਾ ਨਹੀਂ ਬਣਦਾ: ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਉ ਵਿਚ ਨਾਅਰੇ ਲਗਾਉਂਦੇ ਨਹੀਂ ਨਜ਼ਰ ਆਏ ਪਹਿਲਵਾਨ: ਦਿੱਲੀ ਪੁਲਿਸ

No offence of hate speech made out against protesting wrestlers

 

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸ਼ੁਕਰਵਾਰ ਨੂੰ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ "ਝੂਠੇ ਦੋਸ਼" ਲਗਾਉਣ ਅਤੇ ਨਫ਼ਰਤ ਭਰੇ ਭਾਸ਼ਣ ਦੇਣ ਲਈ ਪਹਿਲਵਾਨਾਂ ਵਿਰੁਧ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਪਟਿਆਲਾ ਹਾਊਸ ਅਦਾਲਤ ਵਿਚ ਕਾਰਵਾਈ ਰਿਪੋਰਟ ਦਾਇਰ ਕੀਤੀ।

ਇਹ ਵੀ ਪੜ੍ਹੋ: ਸੌਦਾ ਸਾਧ ਦੇ ਨਕਲੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ

ਪੁਲਿਸ ਨੇ ਅਦਾਲਤ ਨੂੰ ਇਹ ਕਹਿੰਦੇ ਹੋਏ ਪਟੀਸ਼ਨ ਖਾਰਜ ਕਰਨ ਦੀ ਅਪੀਲ ਕੀਤੀ ਕਿ ਸ਼ਿਕਾਇਤਕਰਤਾ ਦੁਆਰਾ ਪ੍ਰਦਾਨ ਕੀਤੀ ਗਈ ਵੀਡੀਉ ਵਿਚ, ਪਹਿਲਵਾਨਾਂ ਨੂੰ ਨਾਅਰੇਬਾਜ਼ੀ ਕਰਦੇ ਹੋਏ ਨਹੀਂ ਦੇਖਿਆ ਗਿਆ ਅਤੇ ਨਾ ਹੀ ਉਨ੍ਹਾਂ ਵਿਰੁਧ ਨਫ਼ਰਤ ਭਰੇ ਭਾਸ਼ਣ ਦਾ ਕੋਈ ਮਾਮਲਾ ਬਣਦਾ ਹੈ। ਅਦਾਲਤ ਨੇ ਪਟੀਸ਼ਨ 'ਤੇ ਅਗਲੀ ਸੁਣਵਾਈ ਲਈ 7 ਜੁਲਾਈ ਦੀ ਤਰੀਕ ਤੈਅ ਕੀਤੀ ਹੈ।

ਪੁਲਿਸ ਨੇ ਕਿਹਾ, "ਸ਼ਿਕਾਇਤਕਰਤਾ ਦੁਆਰਾ ਇਕ ਪੈਨ ਡਰਾਈਵ ਵਿਚ ਪ੍ਰਦਾਨ ਕੀਤੀ ਗਈ ਵੀਡੀਉ ਕਲਿੱਪ ਵਿਚ ਕੁਝ ਅਣਪਛਾਤੇ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ 'ਤੇ ਨਾਅਰੇਬਾਜ਼ੀ ਕਰਦੇ ਹੋਏ ਦਿਖਾਇਆ ਗਿਆ ਹੈ... (ਪਹਿਲਵਾਨਾਂ ਵਿਰੁਧ) ਨਫ਼ਰਤ ਵਾਲੇ ਭਾਸ਼ਣ ਦਾ ਕੋਈ ਮਾਮਲਾ ਨਹੀਂ ਬਣਾਇਆ ਗਿਆ ਹੈ। ਵਿਰੋਧ ਕਰ ਰਹੇ ਪਹਿਲਵਾਨ - ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਹੋਰ ਵੀਡੀਉ ਕਲਿੱਪ ਵਿਚ ਕੋਈ ਨਾਅਰਾ ਲਾਉਂਦੇ ਨਜ਼ਰ ਨਹੀਂ ਆ ਰਹੇ ਹਨ।"

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ : ਮਨੀਲਾ ਗਏ ਪੰਜਾਬੀ ਨੌਜੁਆਨ ਦੀ ਸ਼ੱਕੀ ਹਾਲਾਤ ਚ ਮੌਤ, 4 ਸਾਲ ਪਹਿਲਾਂ ਗਿਆ ਸੀ ਨੌਜੁਆਨ

ਅਦਾਲਤ ਨੇ 25 ਮਈ ਨੂੰ ਦਿੱਲੀ ਪੁਲਿਸ ਨੂੰ ਸ਼ਿਕਾਇਤ 'ਤੇ ਕਾਰਵਾਈ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਸੀ। ਅਦਾਲਤ 'ਅਟਲ ਜਨ ਪਾਰਟੀ' ਦੇ ਰਾਸ਼ਟਰੀ ਮੁਖੀ ਹੋਣ ਦਾ ਦਾਅਵਾ ਕਰਨ ਵਾਲੇ ਬਾਮ ਬਾਮ ਮਹਾਰਾਜ ਨੌਹਟੀਆ ਵਲੋਂ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਵਿਰੁਧ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।