ਤਿੰਨ ਤਲਾਕ ਬਿੱਲ ਲਟਕਿਆ, ਆਰਡੀਨੈਂਸ ਆਏਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਕੈਬਨਿਟ ਦੀ ਪ੍ਰਵਾਨਗੀ ਮਗਰੋਂ ਤਿੰਨ ਤਲਾਕ ਬਿੱਲ ਨੂੰ ਤਿੰਨ ਸੋਧਾਂ ਮਗਰੋਂ ਰਾਜ ਸਭਾ ਵਿਚ ਪੇਸ਼ ਕੀਤਾ ਜਾਣਾ ਸੀ...........

Muslim Womens

ਨਵੀਂ ਦਿੱਲੀ : ਕੇਂਦਰੀ ਕੈਬਨਿਟ ਦੀ ਪ੍ਰਵਾਨਗੀ ਮਗਰੋਂ ਤਿੰਨ ਤਲਾਕ ਬਿੱਲ ਨੂੰ ਤਿੰਨ ਸੋਧਾਂ ਮਗਰੋਂ ਰਾਜ ਸਭਾ ਵਿਚ ਪੇਸ਼ ਕੀਤਾ ਜਾਣਾ ਸੀ ਪਰ ਹੁਣ ਇਹ ਬਿੱਲ ਅਗਲੇ ਇਜਲਾਸ ਤਕ ਟਲ ਗਿਆ ਹੈ। ਲੋਕ ਸਭਾ ਵਿਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕਾ ਹੈ ਅਤੇ ਅੱਜ ਰਾਜ ਸਭਾ ਵਿਚ ਪੇਸ਼ ਕੀਤਾ ਜਾਣਾ ਸੀ। ਕਲ ਕੈਬਨਿਟ ਨੇ ਬਿੱਲ ਵਿਚ ਕੁੱਝ ਸੋਧਾਂ ਕੀਤੀਆਂ ਸਨ। ਹੁਣ ਸਰਦ ਰੁੱਤ ਇਜਲਾਸ ਦੌਰਾਨ ਇਹ ਬਿੱਲ ਪੇਸ਼ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਸਰਕਾਰ ਹੁਣ ਆਰਡੀਨੈਂਸ ਲੈ ਕੇ ਆਵੇਗੀ। 
ਪਹਿਲਾਂ ਖ਼ਬਰ ਆਈ ਸੀ

ਕਿ ਕੇਂਦਰ ਸਰਕਾਰ ਇਸ ਬਿੱਲ ਨੂੰ ਰਾਜ ਸਭਾ ਵਿਚ ਪਾਸ ਕਰਾਉਣ ਲਈ ਮਾਨਸੂਨ ਇਜਲਾਸ ਇਕ ਦਿਨ ਲਈ ਵਧਾ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ। ਲੋਕ ਸਭਾ ਅੱਜ ਅਣਮਿੱਥੇ ਸਮੇਂ ਲਈ ਉਠਾ ਦਿਤੀ ਗਈ। ਮੋਦੀ ਸਰਕਾਰ ਇਸੇ ਇਜਲਾਸ ਵਿਚ ਇਹ ਬਿੱਲ ਪਾਸ ਕਰਾਉਣਾ ਚਾਹੁੰਦੀ ਸੀ ਜਿਸ ਕਾਰਨ ਅੱਜ ਸਵੇਰੇ ਸੰਸਦ ਭਵਨ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਦੀ ਬੈਠਕ ਵੀ ਹੋਈ। ਹੁਣ ਖ਼ਬਰ ਹੈ ਕਿ ਕੇਂਦਰ ਸਰਕਾਰ ਆਰਡੀਨੈਂਸ ਲਿਆਏਗੀ। ਰਾਜ ਸਭਾ ਦੇ ਸਭਾਪਤੀ ਵੈਂਕਇਆ ਨਾਇਡੂ ਨੇ ਕਿਹਾ ਕਿ ਤਿੰਨ ਤਲਾਕ ਬਿੱਲ ਬਾਰੇ ਆਮ ਸਹਿਮਤੀ ਨਹੀਂ ਬਣ ਸਕੀ ਜਿਸ ਕਾਰਨ ਬਿੱਲ ਪੇਸ਼ ਨਹੀਂ ਹੋਇਆ। (ਏਜੰਸੀ)

Related Stories