ਬੁਲੰਦਸ਼ਹਿਰ ਹਿੰਸਾ : ਪੁਲਿਸ ਵਲੋਂ ਛਾਪੇ ਵਾਂਟੇਡ ਇਸ਼ਤਿਹਾਰ ‘ਚ ਬੇਕਸੂਰ ਦੀ ਫੋਟੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁਲੰਦਸ਼ਹਿਰ ਵਿਚ ਪਿਛਲੇ ਦਿਨੀਂ ਹੋਈ ਹਿੰਸਾ 'ਚ ਹੁਣ ਪੁਲਿਸ ਇਸ ਹਿੰਸਾ ਦੇ ਆਰੋਪੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ  ਪਰ ਇਸ ਕੋਸ਼ਿਸ਼ ਵਿਚ ਪੁਲਿਸ ਨੇ ਇਕ...

Wanter Poster in Bulandshahr

ਬੁਲੰਦਸ਼ਹਿਰ : (ਭਾਸ਼ਾ) ਬੁਲੰਦਸ਼ਹਿਰ ਵਿਚ ਪਿਛਲੇ ਦਿਨੀਂ ਹੋਈ ਹਿੰਸਾ 'ਚ ਹੁਣ ਪੁਲਿਸ ਇਸ ਹਿੰਸਾ ਦੇ ਆਰੋਪੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ  ਪਰ ਇਸ ਕੋਸ਼ਿਸ਼ ਵਿਚ ਪੁਲਿਸ ਨੇ ਇਕ ਵੱਡੀ ਗਲਤੀ ਕਰ ਦਿਤੀ। ਘਟਨਾ ਤੋਂ ਬਾਅਦ ਤੋਂ ਫਰਾਰ ਚੱਲ ਰਹੇ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਪੋਸਟਰ ਜਾਰੀ ਕੀਤੇ ਗਏ ਸਨ।

ਇਹ ਪੋਸਟਰ ਸ਼ਹਿਰ ਭਰ ਵਿਚ ਲਗਾਏ ਜਾਣੇ ਸਨ। ਆਰੋਪੀਆਂ ਦੀ ਜਾਣਕਾਰੀ ਦੇਣ ਵਾਲਿਆਂ ਦੇ ਨਾਮ ਅਤੇ ਪਹਿਚਾਣ ਗੁਪਤ ਰੱਖੇ ਜਾਣ ਦਾ ਭਰੋਸਾ ਵੀ ਦਿਵਾਇਆ ਗਿਆ ਸੀ ਪਰ ਇਹ ਪੋਸਟਰ ਜਾਰੀ ਹੁੰਦੇ ਹੀ ਇਹਨਾਂ ਵਿਚ ਇਕ ਕਮੀ ਸਾਹਮਣੇ ਆ ਗਈ।

ਪੋਸਟਰ ਦੀ ਪਹਿਲੀ ਕਤਾਰ ਵਿਚ ਦੂਜੇ ਨੰਬਰ ਉਤੇ ਜਿਸ ਵਿਸ਼ਾਲ ਤਿਆਗੀ ਦੀ ਤਸਵੀਰ ਅਤੇ ਪਹਿਚਾਣ ਲਿਖੀ ਗਈ ਉਹ ਪੂਰੀ ਤਰ੍ਹਾਂ ਗਲਤ ਸੀ। ਪੋਸਟਰ ਵਿਚ ਜਿਸ ਵਿਸ਼ਾਲ ਤਿਆਗੀ ਦੀ ਫੋਟੋ ਹੈ ਉਸ ਦਾ ਹਿੰਸਾ ਨਾਲ ਕੁੱਝ ਲੈਣਾ - ਦੇਣਾ ਹੀ ਨਹੀਂ ਹੈ। ਵਿਸ਼ਾਲ ਨੂੰ ਜਿਵੇਂ ਹੀ ਇਹ ਪਤਾ ਚਲਿਆ ਕਿ ਉਸ ਦਾ ਨਾਮ ਵਾਂਟੇਡ ਦੀ ਲਿਸਟ ਵਿਚ ਆਇਆ ਹੈ ਉਸ ਨੇ ਤੁਰਤ ਏਡੀਜੀ ਦਫ਼ਤਰ ਵਿਚ ਇਸ ਦੀ ਸ਼ਿਕਾਇਤ ਕੀਤੀ ਅਤੇ ਪੁਲਿਸ ਉਤੇ ਸੋਸ਼ਲ ਮੀਡੀਆ ਤੋਂ ਫੋਟੋ ਚੁੱਕਣ ਦਾ ਇਲਜ਼ਾਮ ਲਗਾਇਆ।

ਇਸ ਪੋਸਟਰ ਵਿਚ ਦੂਜੇ ਨੰਬਰ 'ਤੇ ਵਿਸ਼ਾਲ ਤਿਆਗੀ ਪੁੱਤ ਇੰਦਰ, ਨਿਵਾਸੀ - ਸਿਆਨਾ ਦਾ ਨਾਮ ਹੈ, ਜਦੋਂ ਕਿ ਫੋਟੋ ਵਿਚ ਜੋ ਵਿਅਕਤੀ ਹੈ, ਉਹ ਵਿਸ਼ਾਲ ਤਿਆਗੀ ਪੁੱਤ ਵਿਜੈਪਾਲ ਸਿੰਘ, ਨਿਵਾਸੀ - ਹਿਰਨੌਟ ਹੈ। ਹਿਰਨੌਟ ਵਾਲੇ ਵਿਸ਼ਾਲ ਤਿਆਗੀ ਬੁਲੰਦਸ਼ਹਿਰ ਚੈਰੀਟੇਬਲ ਬਲਡ ਬੈਂਕ ਦੇ ਮੈਨੇਜਰ ਹਨ। ਉਨ੍ਹਾਂ ਦੇ ਮੁਤਾਬਕ ਉਹ ਹਿੰਸਾ ਵਾਲੇ ਦਿਨ ਬੱਲਡ ਬੈਂਕ ਵਿਚ ਹੀ ਸਨ।

ਉਸ ਦਾ ਸੀਸੀਟੀਵੀ ਫੁਟੇਜ ਉਨ੍ਹਾਂ ਨੇ ਪੁਲਿਸ ਨੂੰ ਦਿਖਾਇਆ ਜਿਸ ਤੋਂ ਬਾਅਦ ਪੁਲਿਸ ਨੇ ਅਪਣੀ ਗਲਤੀ ਮੰਨੀ ਅਤੇ ਸੁਧਾਰੀ ਵੀ। ਬੁਲੰਦਸ਼ਹਿਰ ਹਿੰਸਾ ਦੇ ਮਾਮਲੇ ਵਿਚ ਲਗਭੱਗ 60 ਲੋਕਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ।