ਆਰਜ਼ੀ ਸਪੀਕਰ ਦੇ ਅਹੁਦੇ 'ਤੇ ਯੇਦੀਯੁਰੱਪਾ ਦੇ ਕਰੀਬੀ ਦੀ ਨਿਯੁਕਤੀ ਨਾਲ ਨਵਾਂ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਠਜੋੜ ਨੂੰ ਨਜ਼ਰਅੰਦਾਜ਼ ਕਰਦਿਆਂ ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਨੂੰ ਲੈ ਕੇ ਪਹਿਲਾਂ ਹੀ ਆਲੋਚਨਾ ਦੇ ਸ਼ਿਕਾਰ ਰਾਜਪਾਲ ਵਜੂਭਾਈ ਵਾਲਾ...

Yeddyurappa

ਬੇਂਗਲੁਰੂ, ਗਠਜੋੜ ਨੂੰ ਨਜ਼ਰਅੰਦਾਜ਼ ਕਰਦਿਆਂ ਯੇਦੀਯੁਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਨੂੰ ਲੈ ਕੇ ਪਹਿਲਾਂ ਹੀ ਆਲੋਚਨਾ ਦੇ ਸ਼ਿਕਾਰ ਰਾਜਪਾਲ ਵਜੂਭਾਈ ਵਾਲਾ ਨੇ ਨਵੇਂ ਬਣੇ ਵਿਧਾਇਕਾਂ ਨੂੰ ਸਹੁੰ ਚੁਕਾਉਣ ਅਤੇ ਸ਼ਕਤੀ ਪ੍ਰਦਰਸ਼ਨ ਲਈ ਯੇਪੀਯੁਰੱਪਾ ਦੇ ਕਰੀਬੀ ਜੀ. ਬੋਪਈਆ ਨੂੰ ਅਸਥਾਈ ਸਪੀਕਰ ਨਿਯੁਕਤ ਕੀਤਾ ਹੈ ਜਿਸ ਮਗਰੋਂ ਨਵਾਂ ਵਿਵਾਦ ਪੈਦਾ ਹੋ ਗਿਆ ਹੈ। 

ਕਾਂਗਰਸ ਨੇ ਰਾਜਪਾਲ ਦੇ ਇਸ ਫ਼ੈਸਲੇ 'ਤੇ ਸਵਾਲ ਚੁਕਦਿਆਂ ਕਿਹਾ ਹੈ ਕਿ ਇਹ ਸੱਭ 'ਜਾਲਸਾਜ਼ੀ' ਕਰ ਕੇ ਬਹੁਮਤ ਸਾਬਤ ਕਰਨ ਲਈ ਕੀਤਾ ਗਿਆ ਹੈ।  ਇਸ ਫ਼ੈਸਲੇ ਨੂੰ ਅੱਜ ਦੋਹਾਂ ਪਾਰਟੀਆਂ ਨੇ ਸੁਪਰੀਮ ਕੋਰਟ 'ਚ ਚੁਨੌਤੀ ਦਿਤੀ। ਹਾਲਾਂਕਿ ਅਦਾਲਤ ਦੇ ਰਜਿਸਟਰਾਰ ਨੇ ਅਪੀਲ 'ਚ ਕੁੱਝ ਖ਼ਾਮੀਆਂ ਦਸੀਆਂ। ਕਾਂਗਰਸ ਨੇ ਕਿਹਾ ਕਿ ਉਹ ਖ਼ਾਮੀਆਂ ਨੂੰ ਦੂਰ ਕਰ ਰਹੀ ਹੈ।

ਬਾਅਦ ਵਿਚ ਦੇਰ ਰਾਤ ਸੁਪਰੀਮ ਕੋਰਟ ਨੇ ਕਾਂਗਰਸ ਦੀ ਅਪੀਲ ਦਰਜ ਕਰਨ ਮਗਰੋਂ ਕਿਹਾ ਕਿ ਇਸ ਮਾਮਲੇ 'ਤੇ ਸੁਣਵਾਈ ਕਲ ਹੋਵੇਗੀ। ਕਾਂਗਰਸ ਨੇ ਕਿਹਾ ਕਿ 'ਦਾਗ਼ੀ' ਬੋਪਈਆ ਉਹੀ ਹਨ ਜਿਨ੍ਹਾਂ 2010 'ਚ ਯੇਦੀਯੁਰੱਪਾ ਦੀ ਸਰਕਾਰ ਬਚਾਉਣ ਲਈ ਸੰਵਿਧਾਨ ਦੀਆਂ ਧੱਜੀਆਂ ਉਡਾ ਦਿਤੀਆਂ ਸਨ। ਸੁਪਰੀਮ ਕੋਰਟ ਨੇ ਉਨ੍ਹਾਂ ਦੇ ਫ਼ੈਸਲੇ ਨੂੰ ਖ਼ਾਰਜ ਕਰ ਦਿਤਾ ਸੀ। 

ਅਸਲ 'ਚ 2009 ਤੋਂ 2013 ਵਿਚਕਾਰ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਰਹੇ ਬੋਪਈਆ ਨੇ 2010 'ਚ 11 ਅਸੰਤੁਸ਼ਟ ਵਿਧਾਇਕਾਂ ਅਤੇ ਪੰਜ ਆਜ਼ਾਦ ਵਿਧਾਇਕਾਂ ਦੀ ਮੈਂਬਰੀ ਰੱਦ ਕਰ ਦਿਤੀ ਸੀ। ਹਾਲਾਂਕਿ ਬਾਅਦ 'ਚ ਸੁਪਰੀਮ ਕੋਰਟ ਨੇ ਬੋਪਈਆ ਦੇ ਫ਼ੈਸਲੇ ਨੂੰ ਪਲਟਦਿਆਂ ਕਿਹਾ ਸੀ ਕਿ ਉਨ੍ਹਾਂ ਇਹ ਫ਼ੈਸਲਾ ਲੈਣ 'ਚ ਜਲਦਬਾਜ਼ੀ ਕੀਤੀ ਸੀ।  (ਏਜੰਸੀ)