ਮੁੱਖ ਮੰਤਰੀ ਬਣਦਿਆਂ ਹੀ ਐਕਸ਼ਨ 'ਚ ਆਏ ਯੇਦੀਯੁਰੱਪਾ, ਕਈ ਸੀਨੀਅਰ ਅਫ਼ਸਰਾਂ ਦੇ ਕੀਤੇ ਤਬਾਦਲੇ
ਬੀਐਸ ਯੇਦੀਯੁਰੱਪਾ ਨੇ ਕਰਨਾਟਕ ਦਾ ਮੁੱਖ ਮੰਤਰੀ ਬਣਦਿਆਂ ਹੀ ਕੁਝ ਘੰਟਿਆਂ ਬਾਅਦ ਕਈ ਆਈਏਐਸ ਅਤੇ ਆਈ.ਪੀ.ਐਸ. ਅਧਿਕਾਰੀਆਂ ਦੇ ...
ਬੰਗਲੁਰੂ : ਬੀਐਸ ਯੇਦੀਯੁਰੱਪਾ ਨੇ ਕਰਨਾਟਕ ਦਾ ਮੁੱਖ ਮੰਤਰੀ ਬਣਦਿਆਂ ਹੀ ਕੁਝ ਘੰਟਿਆਂ ਬਾਅਦ ਕਈ ਆਈਏਐਸ ਅਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿਤੇ ਹਨ। ਸਰਕਾਰ ਨੇ ਐੱਮ. ਲਕਸ਼ਮੀ ਨਾਰਾਇਣ ਨੂੰ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਦੇ ਤੌਰ 'ਤੇ ਨਿਯੁਕਤ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਅਹੁਦਾ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇ ਬਰਾਬਰ ਹੋਵੇਗਾ।
ਇਕ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਸੀਨੀਅਰ ਆਈਪੀਐਸ ਅਧਿਕਾਰੀ ਅਮਰ ਕੁਮਾਰ ਪਾਂਡੇ ਨੂੰ ਏਡੀਜੀਪੀ, ਖ਼ੁਫ਼ੀਆ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵਿਚ ਪੁਲੀਸ ਅਧਿਕਾਰੀ ਐਸ ਗਿਰੀਸ਼ ਨੂੰ ਬੰਗਲੌਰ ਉੱਤਰ-ਪੂਰਬੀ ਡਿਵੀਜ਼ਨ ਦਾ ਡੀਸੀਪੀ ਬਣਾਇਆ ਗਿਆ ਹੈ। ਦਸ ਦਈਏ ਕਿ ਭਾਜਪਾ ਵਿਧਾਇਕ ਦਲ ਦੇ ਆਗੂ ਬੀਐਸ ਯੇਦੀਯੁਰੱਪਾ ਨੇ ਵੀਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਰਾਜਪਾਲ ਵਜੁਭਾਈ ਵਾਲਾ ਨੇ ਵੀਰਵਾਰ ਨੂੰ ਸਵੇਰੇ 9 ਵਜੇ ਰਾਜ ਭਵਨ ਵਿੱਚ ਯੇਦੀਯੁਰੱਪਾ ਨੂੰ ਸਖ਼ਤ ਸੁਰੱਖਿਆ ਅਤੇ ਵਿਵਸਥਾ ਦੇ ਵਿਚਕਾਰ ਸਹੁੰ ਚੁਕਾਈ ਸੀ। ਯੇਦੀਯੁਰੱਪਾ (75) ਭਾਜਪਾ ਦੇ ਕੇਂਦਰੀ ਅਤੇ ਸੂਬਾਈ ਨੇਤਾਵਾਂ ਅਤੇ ਨਵੇਂ ਚੁਣੇ ਵਿਧਾਇਕਾਂ ਵਿਚਾਲੇ ਕੰਨੜ ਭਾਸ਼ਾ ਵਿਚ ਸਹੁੰ ਚੁੱਕੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਯੇਦੀਯੁਰੱਪਾ ਦੇ ਸਹੁੰ ਚੁੱਕਣ 'ਤੇ ਪਾਬੰਦੀ ਲਗਾਉਣ ਲਈ ਕਾਂਗਰਸ ਅਤੇ ਜਨਤਾ ਦਲ ਸੈਕੂਲਰ (ਜੇਡੀਐੱਸ) ਦੀ ਸਾਂਝੀ ਰਿੱਟ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਸੁਪਰੀਮ ਕੋਰਟ ਵਿਚ ਭਾਜਪਾ ਦੇ ਬਹੁਮਤ ਨੂੰ ਲੈ ਕੇ ਮਾਮਲੇ ਦੀ ਸੁਣਵਾਈ ਅੱਜ ਸ਼ੁੱਕਰਵਾਰ ਨੂੰ ਹੋ ਰਹੀ ਹੈ। ਜਸਟਿਸ ਏ.ਕੇ. ਸਿਕਰੀ ਦੀ ਅਗਵਾਈ ਹੇਠ ਬੈਂਚ ਨੇ ਚਿੱਠੀ ਪੇਸ਼ ਕਰਨ ਲਈ ਕਿਹਾ ਜੋ ਯੇਦੀਯੁਰੱਪਾ ਨੇ ਬੁੱਧਵਾਰ ਨੂੰ ਰਾਜਪਾਲ ਨੂੰ ਲਿਖਦੇ ਹੋਏ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਉਹ ਕਰਨਾਟਕ ਵਿੱਚ ਭਾਜਪਾ ਵਿਧਾਇਕ ਪਾਰਟੀ ਦੇ ਆਗੂ ਚੁਣੇ ਗਏ ਹਨ।
ਯੇਦੀਯੁਰੱਪਾ ਨੇ ਸ਼ਿਕਾਰਪੁਰਾ ਤੋਂ ਅੱਠਵੀਂ ਵਾਰ ਚੋਣਾਂ ਜਿੱਤੀਆਂ ਹਨ। ਉਨ੍ਹਾਂ ਨੂੰ ਤੀਜੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ। ਉਹ ਅਕਤੂਬਰ 2007 ਵਿਚ ਜਨਤਾ ਦਲ-ਭਾਜਪਾ ਗੱਠਜੋੜ ਸਰਕਾਰ ਵਿਚ ਪਹਿਲੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ ਪਰ ਉਸਦੀ ਸਰਕਾਰ ਲਗਭਗ ਇਕ ਮਹੀਨਾ ਹੀ ਟਿਕ ਸਕੀ ਸੀ। ਹੁਣ ਦੇਖਣਾ ਹੋਵੇਗਾ ਕਿ ਕਰਨਾਟਕ ਵਿਚ ਭਾਜਪਾ ਬਹੁਮਤ ਸਾਬਤ ਕਰ ਸਕੇਗੀ ਜਾਂ ਨਹੀਂ?