ਪ੍ਰਦਰਸ਼ਨ ਦੇ ਨਾਂ 'ਤੇ ਰੇਲਵੇ ਦਾ ਨੁਕਸਾਨ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ
ਕੇਸ ਦਰਜ ਕਰਨ ਤੋਂ ਇਲਾਵਾ ਨੁਕਸਾਨ-ਵਸੂਲੀ ਦੀ ਤਿਆਰੀ
ਨਵੀਂ ਦਿੱਲੀ : ਦੇਸ਼ ਭਰ ਅੰਦਰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਹਨ। ਪ੍ਰਦਰਸ਼ਨ ਦੌਰਾਨ ਹਿੰਸਕ ਹੋਈ ਭੀੜ ਵਲੋਂ ਜਿੱਥੇ ਸਰਕਾਰੀ ਬੱਸਾਂ ਤੇ ਹੋਰ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਉੱਥੇ ਹੀ ਰੇਲਵੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਿੰਸਕ ਭੀੜਾਂ ਨੇ ਕਈ ਥਾਈ ਰੇਲਵੇ ਨੂੰ ਨਿਸ਼ਾਨਾ ਬਣਾਉਂਦਿਆਂ ਰੇਲਵੇ ਦੀ ਜਾਇਦਾਦ ਨੂੰ ਅੱਗ ਹਵਾਲੇ ਕਰ ਦਿਤਾ ਗਿਆ ਜਾਂ ਫਿਰ ਭੰਨਤੋੜ ਕੀਤੀ। ਰੇਲਵੇ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪੱਛਮੀ ਬੰਗਾਲ ਅਤੇ ਅਸਾਮ ਵਿਚ ਪਹੁੰਚਾਇਆ ਗਿਆ ਹੈ। ਇਸ ਦੌਰਾਨ ਰੇਲਵੇ ਨੂੰ ਤਕਰੀਬਨ 88 ਕਰੋੜ ਦਾ ਨੁਕਸਾਨ ਹੋਇਆ ਹੈ। ਰੇਲਵੇ ਨੇ ਪ੍ਰਦਰਸ਼ਨਕਾਰੀਆਂ ਖਿਲਾਫ਼ ਅਦਾਲਤ 'ਚ ਜਾਣ ਤਿਆਰੀ ਖਿੱਚ ਲਈ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰੇਲਵੇ ਵਲੋਂ ਭੀੜ ਖਿਲਾਫ਼ ਕਾਰਵਾਈ ਕਰਦਿਆਂ ਇਕੱਲੇ ਇਕੱਲੇ ਪ੍ਰਦਰਸ਼ਨਕਾਰੀ ਦੀ ਪਛਾਣ ਕਰ ਕੇ ਵਿਅਕਤੀਗਤ ਤੌਰ 'ਤੇ ਕੇਸ ਦਰਜ ਕਰਵਾਇਆ ਜਾਵੇਗਾ।
ਇਕੱਲੇ ਪੱਛਮੀ ਬੰਗਾਲ ਵਿਚ ਹੋਇਆ 73 ਕਰੋੜ ਦਾ ਨੁਕਸਾਨ :
ਜੇਕਰ ਰੇਲਵੇ ਨੂੰ ਹੋਏ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਇਹ ਕਰੀਬ 88 ਕਰੋੜ (87,94,56,359) ਰੁਪਏ ਬਣਦਾ ਹੈ। ਇਸ ਦੌਰਾਨ ਪੂਰਬੀ ਰੇਲਵੇ ਦਾ ਪੱਛਮੀ ਬੰਗਾਲ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇੱਥੇ ਰੇਲਵੇ ਦੀ ਜਾਇਦਾਦ ਦਾ 73 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਦਰਸ਼ਨ ਦੇ ਨਾਂ 'ਤੇ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਸਾਊਥ-ਈਸਟਰਨ ਰੇਲਵੇ ਦਾ ਖੜਕਪੁਰ ਇਲਾਕਾ ਮੋਹਰੀ ਹੈ। ਜਦਕਿ ਨਾਰਥ ਫਰੰਟੀਅਰ ਰੇਲਵੇ ਦੇ ਅਸਾਮ ਇਲਾਕੇ ਵਿਚ ਵੀ ਕਈ ਥਾਈ ਹਿੰਸਕ ਭੀੜ ਨੇ ਰੇਲਵੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਇਲਾਵਾ ਰੇਲਾਂ ਰੱਦ ਹੋਣ ਕਾਰਨ ਵੀ ਰੇਲਵੇ ਨੂੰ ਭਾਰੀ ਨੁਕਸਾਨ ਹੋਇਆ ਹੈ।
ਕੀ ਕਹਿਣੈ ਰੇਲਵੇ ਅਧਿਕਾਰੀਆਂ ਦਾ : ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਡੀਆ 'ਚ ਆਈਆਂ ਫ਼ੋਟੋਆਂ, ਵੀਡੀਓ ਅਤੇ ਰੇਲਵੇ ਕੋਲ ਮੌਜੂਦ ਸਬੂਤਾਂ ਦੇ ਅਧਾਰ 'ਤੇ ਹਿੰਸਕ ਭੀੜਾਂ 'ਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰ ਕੇ ਮੁਲਜ਼ਮ ਬਣਾਇਆ ਜਾਵੇਗਾ। ਰੇਲਵੇ ਦਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ਵਿਚ ਅਣਪਛਾਤਿਆਂ ਵਿਰੁਧ ਕੇਸ ਦਰਜ ਹੋਣ ਨਾਲ ਕੇਸ ਕਮਜ਼ੋਰ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਦੇ ਮੱਦੇਨਜ਼ਰ ਰੇਲਵੇ ਅਪਣੇ ਖੁਫ਼ੀਆ ਵਸੀਲਿਆਂ ਤੋਂ ਵੀਡੀਓ, ਸੀਸੀਟੀਵੀ ਅਤੇ ਫ਼ੋਟੋਆਂ ਤੋਂ ਦੰਗਾਈਆਂ ਦੀ ਪਛਾਣ ਕਰ ਕੇ ਇਕੱਲੇ ਇਕੱਲੇ ਵਿਅਕਤੀ ਖਿਲਾਫ਼ ਕੇਸ ਕਰਨ ਜਾ ਰਿਹਾ ਹੈ। ਇੰਨਾ ਹੀ ਨਹੀਂ, ਜਾਇਦਾਦ ਨੂੰ ਹੋਏ ਨੁਕਸਾਨ ਦੇ ਮਾਮਲੇ ਵਿਚ ਵੀ ਇਕੱਲੇ ਇਕੱਲੇ ਦੰਗਾਈ ਦੀ ਪਛਾਣ ਕਰ ਕੇ ਉਨ੍ਹਾਂ ਵਿਰੁਧ ਵਸੂਲੀ ਲਈ ਵੀ ਕੇਸ ਦਰਜ ਕਰਵਾਇਆ ਜਾਵੇਗਾ।
ਦੋਸ਼ ਸਾਬਤ ਹੋਣ 'ਤੇ ਇਹ ਹੋਵੇਗੀ ਸਜ਼ਾ : ਰੇਲਵੇ ਪਹਿਲੀ ਵਾਰ ਪ੍ਰਦਰਸ਼ਨ ਦੇ ਨਾਂ 'ਤੇ ਰੇਲਵੇ ਦਾ ਨੁਕਸਾਨ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਜਾ ਰਿਹਾ ਹੈ। ਇਨ੍ਹਾਂ ਮਾਮਲਿਆਂ ਵਿਚ ਰੇਲਵੇ ਇੰਡੀਅਨ ਰੇਲਵੇ ਐਕਟ 151 ਦੇ ਤਹਿਤ ਕੇਸ ਦਰਜ ਕਰਵਾਏਗਾ। ਇਸ ਐਕਟ ਦੇ ਤਹਿਤ 7 ਸਾਲ ਤਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਮਾਮਲੇ ਵਿਚ ਦੋਸ਼ ਸਾਬਤ ਹੋਣ 'ਤੇ ਘੱਟ ਤੋਂ ਘੱਟ 2 ਸਾਲ ਜਾਂ ਜ਼ਿਆਦਾ ਸਜ਼ਾ ਹੋਣ 'ਤੇ ਦੋਸ਼ੀ ਕਿਸੇ ਵੀ ਚੋਣ ਵਿਚ ਹਿੱਸਾ ਨਹੀਂ ਲੈ ਸਕਦਾ। ਇਹੀ ਨਹੀਂ, ਪਹਿਲੀ ਵਾਰ ਰੇਲਵੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁਧ ਨੁਕਸਾਨ ਦੀ ਵਸੂਲੀ ਲਈ ਵੀ ਅਦਾਲਤ ਦਾ ਸਹਾਰਾ ਲਿਆ ਜਾਵੇਗਾ।