ਪਟਰੌਲ ਤੇ ਡੀਜ਼ਲ ਦੇ ਭਾਅ ਛੇਤੀ ਹੀ ਘਟਣ ਦੀ ਸੰਭਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਰੌਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੇਂਦਰ ਸਰਕਾਰ ਇਸ ਹਫ਼ਤੇ ਹੀ ਕਦਮ ਉਠਾ ਸਕਦੀ ਹੈ। ...

Amit Shah

ਨਵੀਂ ਦਿੱਲੀ, 22 ਮਈ :  ਪਟਰੌਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੇਂਦਰ ਸਰਕਾਰ ਇਸ ਹਫ਼ਤੇ ਹੀ ਕਦਮ ਉਠਾ ਸਕਦੀ ਹੈ। ਭਲਕੇ ਹੋ ਰਹੀ ਕੈਬਨਿਟ ਮੀਟਿੰਗ ਵਿਚ ਇਸ ਸਬੰਧੀ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ। ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਇਸ ਵੇਲੇ ਅਸਮਾਨ ਛੂਹ ਰਹੀਆਂ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਅੱਜ ਕਿਹਾ ਕਿ ਇਸ ਮਸਲੇ ਦਾ ਦੋ-ਚਾਰ ਦਿਨਾਂ ਵਿਚ ਹੱਲ ਕਢਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਤੇਲ ਮੰਤਰੀ ਦੀ ਭਲਕੇ ਪਟਰੌਲ ਕੰਪਨੀਆਂ ਨਾਲ ਬੈਠਕ ਹੋ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਸਰਕਾਰ ਤੇਲ ਕੀਮਤਾਂ ਘਟਾਉਣ ਲਈ ਉਤਪਾਦ ਕਰ ਉਪਰ ਹੀ ਨਿਰਭਰ ਨਹੀਂ ਕਰੇਗੀ ਸਗੋਂ ਕੁੱਝ ਹੋਰ ਕਦਮ ਵੀ ਉਠਾ ਸਕਦੀ ਹੈ। ਤੇਲ ਕੀਮਤਾਂ ਵਿਚ ਉਤਪਾਦ ਕਰ ਦਾ ਹਿੱਸਾ ਕੇਵਲ ਇਕ ਚੌਥਾਈ ਹੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਤੇਲ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਸਰਕਾਰ ਲਈ ਸੰਕਟ ਵਾਲੀ ਸਥਿਤੀ ਪੇਸ਼ ਕਰ ਰਿਹਾ ਹੈ। 

ਵਿੱਤ ਮੰਤਰਾਲੇ ਵਲੋਂ ਇਸ ਸਬੰਧੀ ਤੇਲ ਕੰਪਨੀਆਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਜਾਰੀ ਹਨ।ਜ਼ਿਕਰਯੋਗ ਹੈ ਕਿ ਕੌਮਾਂਤਰੀ ਤੇਲ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧਣ ਕਾਰਨ ਭਾਰਤੀ ਤੇਲ ਕੰਪਨੀਆਂ ਵੀ ਪਟਰੌਲ ਤੇ ਡੀਜ਼ਲ ਦੇ ਭਾਅ ਲਗਾਤਾਰ ਵਧਾ ਰਹੀਆਂ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਤਪਾਦ ਕਰ ਇਕ ਰੁਪਏ ਘਟਾਉਣ ਨਾਲ ਖ਼ਜ਼ਾਨੇ ਨੂੰ 13,000 ਕਰੋੜ ਦਾ ਨੁਕਸਾਨ ਪਹੁੰਚਦਾ ਹੈ। ਵਿਰੋਧੀ ਪਾਰਟੀਆਂ ਤੇਲ ਉਪਰ ਸਾਰੇ ਕਰ ਖ਼ਤਮ ਕਰ ਕੇ ਜੀਐਸਟੀ ਲਾਗੂ ਕਰਨ ਦੀ ਮੰਗ ਕਰ ਰਹੀਆਂ ਹਨ। (ਏਜੰਸੀ)