'ਚੌਕੀਦਾਰ ਚੋਰ ਹੈ' ਵਾਲੇ ਬਿਆਨ 'ਤੇ SC ਵੱਲੋਂ ਰਾਹੁਲ ਗਾਂਧੀ ਨੂੰ ਮਾਨਹਾਨੀ ਦਾ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

30 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ

Rahul Gandhi issued notice by Supreme Court

ਨਵੀਂ ਦਿੱਲੀ : 'ਚੌਕੀਦਾਰ ਚੋਰ ਹੈ' ਵਾਲੇ ਬਿਆਨ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਨੇ ਅਪਰਾਧਕ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਹੈ। 30 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਵੇਗੀ। ਰਾਹੁਲ ਗਾਂਧੀ ਵਿਰੁੱਧ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਮਾਨਹਾਨੀ ਪਟੀਸ਼ਨ ਦਾਖ਼ਲ ਕੀਤੀ ਸੀ। ਮੀਨਾਕਸ਼ੀ ਲੇਖੀ ਵੱਲੋਂ ਪੇਸ਼ ਵਕੀਲ ਮੁਕੁਲ ਰੋਹਤਗੀ ਨੇ ਅਦਾਲਤ ਨੂੰ ਦੱਸਿਆ ਕਿ ਰਾਹੁਲ ਗਾਂਧੀ ਨੇ ਆਪਣੇ ਬਿਆਨ 'ਤੇ ਸਿਰਫ਼ ਦੁੱਖ ਪ੍ਰਗਟਾਇਆ ਹੈ, ਮਾਫ਼ੀ ਨਹੀਂ ਮੰਗੀ ਹੈ। ਜਿਸ ਤੋਂ ਬਾਅਦ ਅਦਾਲਤ ਨੇ ਰਾਹੁਲ ਗਾਂਧੀ ਵਿਰੁੱਧ ਮਾਨਹਾਨੀ ਨੋਟਿਸ ਜਾਰੀ ਕੀਤਾ।

ਜ਼ਿਕਰਯੋਗ ਹੈ ਕਿ ਰਾਫ਼ੇਲ ਸਮਝੌਤੇ 'ਚ ਗੜਬੜੀ ਦੇ ਦੋਸ਼ ਵਾਲੀ ਪੁਨਰਵਿਚਾਰ ਪਟੀਸ਼ਨ ਸੁਪਰੀਮ ਕੋਰਟ 'ਚ ਸਵੀਕਾਰ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਅਦਾਲਤ ਨੇ ਵੀ ਮੰਨ ਲਿਆ ਹੈ ਕਿ ਚੌਕੀਦਾਰ ਚੋਰ ਹੈ। ਰਾਹੁਲ ਨੇ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦਿੱਤਾ ਸੀ। ਉਹ ਆਪਣੇ ਭਾਸ਼ਣਾਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਚੌਕੀਦਾਰ ਦੱਸਦੇ ਹੋਏ ਉਨ੍ਹਾਂ 'ਤੇ ਚੋਰੀ ਦਾ ਦੋਸ਼ ਲਗਾਉਂਦੇ ਰਹੇ ਹਨ। 'ਅਦਾਲਤ ਨੇ ਵੀ ਮੰਨ ਲਿਆ ਕਿ ਚੌਕੀਦਾਰ ਚੋਰ ਹੈ' ਵਾਲੇ ਬਿਆਨ 'ਤੇ ਰਾਹੁਲ ਨੂੰ ਨੋਟਿਸ ਭੇਜਿਆ ਗਿਆ ਸੀ। ਜਿਸ 'ਤੇ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ 'ਚ ਜਵਾਬ ਦਾਖ਼ਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬਿਆਨ 'ਤੇ ਅਫ਼ਸੋਸ ਹੈ। 

ਦੱਸ ਦੇਈਏ ਕਿ ਰਾਹੁਲ ਨੇ ਅਮੇਠੀ ਲੋਕ ਸਭਾ ਖੇਤਰ ਤੋਂ ਨਾਮਜ਼ਦਗੀ ਦਾਖ਼ਲ ਕਾਰਨ ਤੋਂ ਬਾਅਦ ਰਾਫ਼ੇਲ 'ਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਮੰਨ ਲਿਆ ਹੈ ਕਿ 'ਰਾਫ਼ੇਲ ਵਿਚ ਕੁੱਝ ਭ੍ਰਿਸ਼ਟਾਚਾਰ ਹੈ ਤੇ ਇਹ ਵੀ ਕਿ ਚੌਕੀਦਾਰ ਨੇ ਚੋਰੀ ਕਰਵਾਈ ਹੈ।'