ਅੱਜ ਦੇਸ਼ ਭਰ ਵਿਚ ਸੀ.ਬੀ.ਆਈ. ਦਫ਼ਤਰਾਂ ਉਤੇ ਧਰਨਾ ਦੇਵੇਗੀ ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਲੋਕ ਵਰਮਾ ਨੂੰ ਬਹਾਲ ਕਰਨ ਦੀ ਮੰਗ..........

Rahul Gandhi during the press conference

ਨਵੀਂ ਦਿੱਲੀ : ਛੁੱਟੀ 'ਤੇ ਭੇਜੇ ਗਏ ਸੀ.ਬੀ.ਆਈ. ਡਾਇਰੈਕਟਰ ਆਲੋਕ ਵਰਮਾ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਸ਼ੁਕਰਵਾਰ ਨੂੰ ਦੇਸ਼ ਭਰ 'ਚ ਸੀ.ਬੀ.ਆਈ. ਦਫ਼ਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕਰੇਗੀ। ਕਾਂਗਰਸ ਸੂਤਰਾਂ ਨੇ ਕਿਹਾ ਕਿ ਪਾਰਟੀ ਸੀ.ਬੀ.ਆਈ. ਨਿਰਦੇਸ਼ਕ ਵਰਮਾ ਵਿਰੁਧ ਹੁਕਮ ਨੂੰ ਤੁਰਤ ਵਾਪਸ ਲੈਣ ਦੀ ਮੰਗ ਦੇ ਨਾਲ ਹੀ ਪ੍ਰਧਾਨ ਮਤਰੀ ਨਰਿੰਦਰ ਮੋਦੀ ਤੋਂ ਇਸ ਪੂਰੇ ਮਾਮਲੇ 'ਤੇ ਦੇਸ਼ ਤੋਂ ਮਾਫ਼ੀ ਮੰਗਣ ਦੀ ਮੰਗ ਕਰੇਗੀ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਵੀਰਵਾਰ ਨੂੰ ਰਾਜਸਥਾਨ ਦੇ ਦੌਰੇ ਤੋਂ ਪਰਤਣ ਮਗਰੋਂ ਇਸ ਮਸਲੇ 'ਤੇ ਪ੍ਰੈੱਸ ਕਾਨਫ਼ਰੰਸ ਬੁਲਾ ਸਕਦੇ ਹਨ। 

ਕਾਂਗਰਸ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਸਾਰੇ ਕਾਂਗਰਸ ਜਨਰਲ ਸਕੱਤਰਾਂ, ਸੂਬਾ ਪ੍ਰਧਾਨਾਂ ਅਤੇ ਵਿਧਾਇਕ ਦਲ ਦੇ ਆਗੂਆਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਦੇਸ਼ ਭਰ 'ਚ ਸੀ.ਬੀ.ਆਈ. ਦਫ਼ਤਰਾਂ ਬਾਹਰ ਭਾਜਪਾ ਸਰਕਾਰ ਵਿਰੁਧ ਧਰਨਾ ਦਿਤਾ ਜਾਵੇ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੀ.ਬੀ.ਆਈ. ਡਾਇਰੈਕਟਰ ਆਲੋਕ ਵਰਮਾ ਨੂੰ ਅਣਮਿੱਥੇ ਸਮੇਂ ਲਈ ਛੁੱਟੀ 'ਤੇ ਜਾਣ ਲਈ ਮਜਬੂਰ ਕਰਨਾ 'ਨਾਜਾਇਜ਼' ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸਰਕਾਰ ਇਸ ਗੱਲ ਤੋਂ ਡਰ ਗਈ ਸੀ ਕਿ ਉਹ ਰਾਫ਼ੇਲ ਜਹਾਜ਼ ਸੌਦੇ ਦੀ ਜਾਂਚ ਕਰ ਸਕਦੇ ਹਨ। ਉਨ੍ਹਾਂ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਰਮਾ ਨੂੰ ਹਟਾਉਣਾ ਸੰਵਿਧਾਨ, ਦੇਸ਼ ਦੇ ਚੀਫ਼ ਜਸਟਿਸ ਅਤੇ ਵਿਰੋਧੀ ਧਿਰ ਦੇ ਆਗੂ ਦੀ ਬੇਇੱਜ਼ਤੀ ਹੈ। ਉਨ੍ਹਾਂ ਇਸ ਕਦਮ ਨੂੰ ਨਾਜਾਇਜ਼ ਦਸਿਆ।  (ਪੀਟੀਆਈ)