ਲਗਾਤਾਰ ਚੌਥੇ ਦਿਨ 'ਗੰਭੀਰ' ਬਣੀ ਰਹੀ ਦਿੱਲੀ ਦੀ ਹਵਾ ਗੁਣਵੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਹਵਾ ਗੁਣਵੱਤਾ ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ 'ਗੰਭੀਰ' ਸ਼੍ਰੇਣੀ ਵਿਚ ਰਹੀ.......

Air quality of Delhi becoming 'serious' for the fourth consecutive day

ਨਵੀਂ ਦਿੱਲੀ : ਦਿੱਲੀ ਦੀ ਹਵਾ ਗੁਣਵੱਤਾ ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ 'ਗੰਭੀਰ' ਸ਼੍ਰੇਣੀ ਵਿਚ ਰਹੀ। ਅਧਿਕਾਰੀਆਂ ਨੇ ਦਸਿਆ ਕਿ ਮੌਸਮ ਦੀ ਸਥਿਤੀ ਪ੍ਰਦੂਸ਼ਕ ਤੱਤਾਂ ਦੇ ਖਿਲਰ ਜਾਣ ਲਈ ਅਸਥਿਰ ਬਣੀ ਹੋਈ ਹੈ। ਦੀਵਾਲੀ ਤੋਂ ਮਗਰੋਂ ਸ਼ਹਿਰ ਪ੍ਰਦੂਸ਼ਣ ਦੇ ਸੱਭ ਤੋਂ ਭਿਆਨਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਕ ਪਾਸੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ  ਅੰਕੜਿਆਂ ਅਨੁਸਾਰ ਹਵਾ ਗੁਣਵਤਾ ਸੂਚੀ (ਏ.ਕਊ.ਆਈ.) 416 ਦੇ 'ਗੰਭੀਰ' ਪੱਧਰ 'ਤੇ ਰਿਹਾ ਦੂਜੇ ਪਾਸੇ ਮੌਸਮ ਵਿਭਾਗ ਨੇ 423 ਏ.ਕਊ.ਆਈ. ਦਰਜ ਕੀਤਾ।

ਸੀ.ਪੀ.ਸੀ.ਬੀ. ਅਨੁਸਾਰ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ 25 ਇਲਾਕਿਆਂ ਵਿਚ ਹਵਾ ਗੁਣਵੱਤਾ 'ਗੰਭੀਰ' ਦਰਜ ਕੀਤੀ ਗਈ ਜਦਕਿ ਨੌਂ ਇਲਾਕਿਆਂ ਵਿਚ ਇਹ ਬਹੁਤ ਖ਼ਰਾਬ ਸ਼੍ਰੇਣੀ ਵਿਚ ਰਹੀ। ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) 'ਚ ਨੋਇਡਾ, ਫ਼ਰੀਦਾਬਾਦ, ਗਾਜ਼ੀਆਬਾਦ ਵਿਚ ਗੰਭੀਰ ਹਵਾ ਪ੍ਰਦੂਸ਼ਣ ਦਰਜ ਕੀਤਾ ਗਿਆ ਜਦਕਿ ਗੁੜਗਾਂਉ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਰਹੀ। ਸੀ.ਪੀ.ਬੀ.ਬੀ. ਨੇ ਦਸਿਆ ਕਿ ਇਥੇ ਹਵਾ ਵਿਚ ਬਹੁਤ ਸੂਖਮ ਕਣ ਪੀ.ਐਮ. 2.5 ਦਾ ਪੱਧਰ 271 ਰਿਹਾ ਜਦਕਿ ਪੀ.ਐਮ. 10 ਦਾ ਪੱਧਰ 422 ਦਰਜ ਕੀਤਾ ਗਿਆ। 

ਸਨਿਚਰਵਾਰ ਨੂੰ ਦਿੱਲੀ ਦੀ ਹਵਾ ਗੁਣਵਤਾ 'ਗੰਭੀਰ' ਸ਼੍ਰੇਣੀ ਵਿਚ ਪਹੁੰਚ ਗਈ ਸੀ। ਰਾਸ਼ਟਰੀ ਰਾਜਧਾਨੀ ਵਿਚ ਐਤਵਾਰ ਨੂੰ ਇਸ ਸਾਲ ਦਾ ਦੂਜਾ ਸੱਭ ਤੋਂ ਜ਼ਿਆਦਾ ਪ੍ਰਦੂਸ਼ਣ ਪੱਧਰ ਦਰਜ ਕੀਤਾ ਗਿਆ ਜਦਕਿ ਏ.ਕਊ.ਆਈ. 450 ਤਕ ਪਹੁੰਚ ਗਿਆ ਸੀ। ਸਫ਼ਰ ਅਨੁਸਾਰ ਦਿੱਲੀ 'ਚ ਮੰਗਲਵਾਰ ਤਕ ਏ.ਕਊ.ਆਈ. 'ਗੰਭੀਰ' ਸ਼੍ਰੇਣੀ ਵਿਚ ਰਹੇਗਾ। ਜ਼ਿਕਰਯੋਗ ਹੈ ਕਿ ਹਵਾ ਦੀ ਗਤੀ ਹੌਲੀ ਹੋਣ ਕਾਰਨ ਸੁਧਾਰ ਵਿਚ ਦੇਰੀ ਹੋ ਰਹੀ ਹੈ ਜਿਸ ਨਾਲ ਧੁੰਦ ਅਜੇ ਵੀ ਛਾਈ ਹੋਈ ਹੈ ਜੋ ਸੂਖਮ ਕਣਾਂ ਵਿਚ ਤੇਜ਼ੀ ਨਾਲ ਵਾਧਾ ਕਰ ਰਹੀ ਹੈ। ਇਸ ਦੌਰਾਨ ਪੀ.ਐਮ. 2.5 ਅਤੇ ਇਥੋਂ ਤਕ ਕਿ ਪੀ.ਐਮ 1 ਵਿਚ ਵੀ ਤੇਜ਼ੀ ਵਾਧਾ ਹੋ ਰਿਹਾ ਹੈ। (ਏਜੰਸੀ)

Related Stories