ਲੋਕ ਸਭਾ ਚੋਣਾਂ ਦਾ ਚੌਥਾ ਗੇੜ, 64 ਫ਼ੀ ਸਦੀ ਮਤਦਾਨ
ਪਛਮੀ ਬੰਗਾਲ ਵਿਚ ਹਿੰਸਕ ਘਟਨਾਵਾਂ, ਕਈ ਥਾਈਂ ਮਸ਼ੀਨਾਂ ਵਿਚ ਗੜਬੜ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਚੌਥੇ ਗੇੜ ਤਹਿਤ ਨੌਂ ਸੂਬਿਆਂ ਦੀਆਂ 72 ਸੀਟਾਂ 'ਤੇ ਲਗਭਗ 64 ਫ਼ੀ ਸਦੀ ਵੋਟਾਂ ਪਈਆਂ। ਮਤਦਾਨ ਦੌਰਾਨ ਪਛਮੀ ਬੰਗਾਲ ਵਿਚ ਕਈ ਮਤਦਾਨ ਕੇਂਦਰਾਂ 'ਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਦਕਿ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਬਾਬੁਲ ਸੁਪਰਿਉ ਦੀ ਕਾਰ ਵਿਚ ਭੰਨਤੋੜ ਹੋਈ। ਕੁੱਝ ਮਤਦਾਨ ਕੇਂਦਰਾਂ 'ਤੇ ਵੋਟਿੰਗ ਮਸ਼ੀਨਾਂ ਵਿਚ ਤਕਨੀਕੀ ਖ਼ਾਮੀਆਂ ਵੀ ਆਈਆਂ। ਬਿਹਾਰ ਵਿਚ 53.67 ਫ਼ੀ ਸਦੀ ਵੋਟਾਂ ਪਈਆਂ ਜਦਕਿ ਜੰਮੂ ਤੇ ਕਸ਼ਮੀਰ ਵਿਚ 9.79 ਫ਼ੀ ਸਦੀ ਮਤਦਾਨ ਹੋਇਆ। ਮੱਧ ਪ੍ਰਦੇਸ਼ ਵਿਚ 65.86 ਫ਼ੀ ਸਦੀ ਵੋਟਿੰਗ ਰੀਕਾਰਡ ਕੀਤੀ ਗਈ ਹੈ।
ਪਛਮੀ ਬੰਗਾਲ ਵਿਚ ਸੱਭ ਤੋਂ ਵੱਧ 76.47 ਫ਼ੀ ਸਦੀ, ਰਾਜਸਥਾਨ ਵਿਚ 62.86 ਫ਼ੀ ਸਦੀ, ਮਹਾਰਾਸ਼ਟਰ ਵਿਚ 51.06 ਫ਼ੀ ਸਦੀ, ਝਾਰਖੰਡ ਵਿਚ 63.40 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। ਉੜੀਸਾ, ਯੂਪੀ, ਬਿਹਾਰ ਅਤੇ ਮਹਾਰਾਸ਼ਟਰ ਵਿਚ ਈਵੀਐਮ ਵਿਚ ਤਕਨੀਕੀ ਖ਼ਰਾਬੀ ਦੇ ਮਾਮਲੇ ਸਾਹਮਣੇ ਆਏ ਜਿਸ ਕਾਰਨ ਮਤਦਾਨ ਵਿਚ ਦੇਰੀ ਹੋਈ। ਮਹਾਰਾਸ਼ਟਰ ਦੀਆਂ 17, ਰਾਜਸਥਾਨ ਅਤੇ ਯੂਪੀ ਦੀਆਂ 13-13, ਪੱਛਮ ਬੰਗਾਲ ਦੀਆਂ ਅੱਠ, ਮੱਧ ਪ੍ਰਦੇਸ਼ ਅਤੇ ਉੜੀਸਾ ਦੀਆਂ ਛੇ-ਛੇ, ਬਿਹਾਰ ਦੀਆਂ ਪੰਜ ਅਤੇ ਝਾਰਖੰਡ ਦੀਆਂ ਤਿੰਨ ਸੀਟਾਂ ਸਮੇਤ ਦੇਸ਼ ਭਰ ਵਿਚ ਕੁਲ 72 ਸੀਟਾਂ 'ਤੇ ਮਤਦਾਨ ਹੋਇਆ। ਜੰਮੂ ਕਸ਼ਮੀਰ ਦੀ ਅਨੰਤਨਾਗ ਸੀਟ 'ਤੇ ਵੀ ਮਤਦਾਨ ਚੱਲ ਰਿਹਾ ਹੈ। ਅਨੰਤਨਾਗ ਸੀਟ 'ਤੇ ਤਿੰਨ ਦੌਰਾਂ ਵਿਚ ਮਤਦਾਨ ਹੋਇਆ ਹੈ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਤੋਂ ਮਤਦਾਨ ਕੇਂਦਰਾਂ ਲਾਗੇ ਪਥਰਾਅ ਦੀਆਂ ਇੱਕਾ-ਦੁੱਕਾ ਘਟਨਾਵਾਂ ਵਾਪਰੀਆਂ ਹਨ ਪਰ ਸੁਰੱਖਿਆ ਬਲਾਂ ਦੁਆਰਾ ਸਮਾਂ ਰਹਿੰਦੇ ਹੀ ਹਾਲਾਤ ਕਾਬੂ ਕਰ ਲਏ ਗਏ। ਪਛਮੀ ਬੰਗਾਲ ਦੇ ਆਸਨਸੋਲ ਵਿਚ ਮਤਦਾਨ ਕੇਂਦਰ ਅੰਦਰ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਬਾਬੁਲ ਸੁਪਰਿਉ ਅਤੇ ਚੋਣ ਅਧਿਕਾਰੀਆਂ ਵਿਚਾਲੇ ਬਹਿਸ ਮਗਰੋਂ ਤ੍ਰਿਣਮੂਲ ਕਾਗਰਸ ਅਤੇ ਭਾਜਪਾ ਕਾਰਕੁਨਾਂ ਵਿਚਾਲੇ ਝੜਪ ਹੋ ਗਈ। ਝੜਪ ਵਿਚ ਬਾਬੁਲ ਦੇ ਵਾਹਨ ਨੂੰ ਨੁਕਸਾਨ ਪੁੱਜਣ ਦੀ ਖ਼ਬਰ ਹੈ। ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।
ਕੇਂਦਰੀ ਮੰਤਰੀ ਵਿਰੁਧ ਬਾਬੁਲ ਵਿਰੁਧ ਪਰਚਾ ਦਰਜ ਕਰਨ ਦੇ ਹੁਕਮ :
ਚੋਣ ਕਮਿਸ਼ਨ ਨੇ ਪਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਬਾਬੁਲ ਸੁਪਰਿਉ ਵਿਰੁਧ ਐਫ਼ਆਈਆਰ ਦਰਜ ਕਰਨ ਦੇ ਹੁਕਮ ਦਿਤੇ ਹਨ। ਭਾਜਪਾ ਉਮੀਦਵਾਰ ਵਿਰੁਧ ਬੂਥ ਨੰਬਰ 199 ਵਿਚ ਜਬਰਨ ਵੜਨ ਅਤੇ ਪੋਲਿੰਗ ਏਜੰਟ ਨੂੰ ਧਮਕੀਆਂ ਦੇਣ ਦਾ ਦੋਸ਼ ਹੈ। ਅਜਿਹੀ ਸ਼ਿਕਾਇਤ ਮਿਲਣ ਮਗਰੋਂ ਚੋਣ ਕਮਿਸ਼ਨ ਨੇ ਉਸ ਵਿਰੁਧ ਪਰਚਾ ਦਰਜ ਕਰਨ ਦੇ ਹੁਕਮ ਦਿਤੇ ਹਨ। ਇਸ ਤੋਂ ਇਲਾਵਾ ਉਸ ਦੀ ਕਾਰ 'ਤੇ ਹਮਲਾ ਹੋਣ ਦੀ ਵੀ ਖ਼ਬਰ ਹੈ। ਹਮਲਾ ਉਦੋਂ ਹੋਇਆ ਜਦ ਉਹ ਬਾਰਾਬਨੀ ਵਿਚ ਪੋਲਿੰਗ ਸਟੇਸ਼ਨ ਦੇ ਬਾਹਰ ਖੜੇ ਸਨ।
ਈਵੀਐਮ ਵਿਚ ਖ਼ਰਾਬੀਆਂ : ਕਾਂਗਰਸ ਨੇ ਕੀਤੀਆਂ 30 ਸ਼ਿਕਾਇਤਾਂ :
ਮੁੰਬਈ : ਮਹਾਰਾਸ਼ਟਰ ਦੇ 17 ਲੋਕ ਸਭਾ ਖੇਤਰਾਂ ਵਿਚ ਚੋਣਾਂ ਦੌਰਾਨ ਈਵੀਐਮ ਵਿਚ ਕਥਿਤ ਖ਼ਰਾਬੀਆਂ ਵਿਰੁਧ ਕਾਂਗਰਸ ਨੇ 30 ਸ਼ਿਕਾਇਤਾਂ ਕੀਤੀਆਂ ਹਨ। ਪਾਰਟੀ ਨੇ ਦਸਿਆ ਕਿ ਬਹੁਤੀਆਂ ਸ਼ਿਕਾਇਤਾਂ ਧੁਲੇ ਅਤੇ ਨੰਦੂਰਬਾਰ ਤੋਂ ਆਈਆਂ ਜਿਸ ਤੋਂ ਬਾਅਦ ਕਾਂਗਰਸ ਦੀ ਸਹਿਯੋਗੀ ਪਾਰਟੀ ਰਾਕਾਂਪਾ ਨੇ ਦੋਸ਼ ਲਾਇਆ ਕਿ ਦੋ ਸੀਟਾਂ 'ਤੇ ਕੁੱਝ ਗੜਬੜ ਸੀ। ਕਾਂਗਰਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਚੋਣ ਕਮਿਸ਼ਨਰ, ਮੁੱਖ ਚੋਣ ਅਧਿਕਾਰੀ ਅਤੇ ਹੋਰ ਅਧਿਕਾਰੀਆਂ ਨੂੰ ਈਮੇਲ ਰਾਹੀਂ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਪਾਰਟੀ ਦਾ ਕਹਿਣਾ ਹੈ ਕਿ ਵੋਟਿੰਗ ਮਸ਼ੀਨਾਂ ਵਿਚ ਜਾਣਬੁਝ ਕੇ ਗੜਬੜ ਕੀਤੀ ਜਾ ਰਹੀ ਹੈ।
ਸੁਰੱਖਿਆ ਬਲਾਂ ਨੇ ਹਵਾ ਵਿਚ ਗੋਲੀਆਂ ਚਲਾਈਆਂ :
ਪਛਮੀ ਬੰਗਾਲ ਦੇ ਦੁਬਰਾਜਪੁਰ ਇਲਾਕੇ ਵਿਚ ਵੋਟਰਾਂ ਨੇ ਕੇਂਦਰੀ ਬਲਾਂ ਨਾਲ ਕਥਿਤ ਤੌਰ 'ਤੇ ਹੱਥੋਪਾਈ ਕੀਤੀ ਜਦ ਉਨ੍ਹਾਂ ਨੂੰ ਮੋਬਾਈਲ ਫ਼ੋਨ ਲੈ ਕੇ ਬੂਥਾਂ ਅੰਦਰ ਜਾਣ ਤੋਂ ਰੋਕ ਦਿਤਾ ਗਿਆ। ਅਧਿਕਾਰੀ ਨੇ ਕਿਹਾ ਕਿ ਭੀੜ ਨੂੰ ਕਾਬੂ ਕਰਨ ਲਈ ਸੁਰੱਖਿਆ ਮੁਲਾਜ਼ਮਾਂ ਨੇ ਹਵਾ ਵਿਚ ਗੋਲੀਆਂ ਚਲਾਈਆਂ ਜਿਸ ਮਗਰੋਂ ਬੂਥਾਂ 'ਤੇ ਮਤਦਾਨ ਠੱਪ ਹੋ ਗਿਆ। ਜੇਮੁਆ ਅਤੇ ਬਾਰਾਬਨੀ ਇਲਾਕਿਆਂ ਵਿਚੋਂ ਵੀ ਹਿੰਸਾ ਦੀਆਂ ਖ਼ਬਰਾਂ ਮਿਲੀਆਂ।
ਬਾਲੀਵੁਡ ਹਸਤੀਆਂ ਵੀ ਮਤਦਾਨ ਕੇਂਦਰ ਪੁੱਜੀਆਂ :
ਮੁੰਬਈ : ਦੇਸ਼ ਦੇ ਚੋਟੀ ਦੇ ਉਦਯੋਗਪਤੀਆਂ ਨੇ ਮੁੰਬਈ ਵਿਚ ਵੋਟ ਦੇ ਹੱਕ ਵੀ ਵਰਤੋਂ ਕੀਤੀ। ਵੋਟ ਪਾਉਣ ਵਾਲਿਆਂ ਵਿਚ ਅਨਿਲ ਅੰਬਾਨੀ, ਐਨ ਚੰਦਰਸ਼ੇਖ਼ਰਨ ਅਤੇ ਆਦਿ ਗੋਦਰੇਜ ਪ੍ਰਮੁੱਖ ਰਹੇ। ਚੰਦਰਸ਼ੇਖ਼ਰਨ ਅਤੇ ਉਸ ਦੀ ਪਤਨੀ ਨੇ ਮੱਧ ਮੁੰਬਈ ਦੇ ਮਤਦਾਨ ਕੇਂਦਰ ਵਿਚ ਵੋਟ ਪਾਈ ਜਦਕਿ ਗੋਦਰੇਜ ਨੇ ਦਖਣੀ ਮੁੰਬਈ ਦੇ ਮਾਲਾਬਾਰ ਹਿੱਲ ਇਲਾਕੇ ਵਿਚ ਵੋਟ ਪਾਈ।
ਉਦਯੋਗਪਤੀ ਅਨਿਲ ਅੰਬਾਨੀ ਨੇ ਕਫ਼ ਪਰੇਡ ਵਿਚ ਪੈਂਦੇ ਮਤਦਾਨ ਕੇਂਦਰ ਵਿਚ ਜਾ ਕੇ ਵੋਟ ਪਾਈ। ਵਾਹਨ ਬਣਾਉਣ ਵਾਲੀ ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਬੰਧ ਨਿਰਦੇਸ਼ਕ ਪਵਨ ਗੋਇੰਕਾ ਨੇ ਜੁਹੂ ਵਿਚ ਵੋਟ ਪਾਈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅਪਣੇ ਸਰਕਾਰੀ ਘਰ ਲਾਗੇ ਹੀ ਬਣੇ ਮਤਦਾਨ ਕੇਂਦਰ ਵਿਚ ਵੋਟ ਪਾਈ। ਸਾਬਕਾ ਕ੍ਰਿਕਟ ਖਿਡਾਰੀ ਸਚਿਨ ਤੇਂਦੂਲਕਰ ਨੇ ਵੀ ਵੋਟ ਪਾਈ। ਕਈ ਬਾਲੀਵੁਡ ਹਸਤੀਆਂ ਨੇ ਵੀ ਵੋਟਾਂ ਪਾਈਆਂ ਜਿਵੇਂ ਅਮੀਰ ਖ਼ਾਨ, ਸਲਮਾਨ ਖ਼ਾਨ, ਪ੍ਰਿਯੰਕਾ ਚੋਪੜਾ, ਕਰੀਨਾ ਕਪੂਰ, ਰਣਵੀਰ ਸਿੰਘ, ਰੇਖਾ, ਅਭਿਸ਼ੇਕ ਬੱਚਨ ਆਦਿ।