ਕਿਸਾਨ ਕਰਜ਼ਾ ਮੁਆਫ਼ੀ ਦੇ ਨਾਮ ‘ਤੇ ਕੈਪਟਨ ਸਰਕਾਰ ਭਰ ਰਹੀ ਅਕਾਲੀਆਂ ਦੀ ਝੋਲੀ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਜ਼ਾ ਮੁਆਫ਼ੀ ਯੋਜਨਾ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ, ਸੀਬੀਆਈ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ

Bhagwant Mann

ਚੰਡੀਗੜ੍ਹ : ਪੰਜਾਬ ਵਿਚ ਕੈਪਟਨ ਸਰਕਾਰ ਦੀ ਕਿਸਾਨ ਕਰਜ਼ਾ ਮੁਆਫ਼ੀ ਸਕੀਮ ਦੀ ਸੂਚੀ ਵਿੱਚ ਅਮੀਰ ਅਕਾਲੀ ਆਗੂਆਂ ਦੇ ਮੈਂਬਰਾਂ ਦੇ ਨਾਮ ਸਾਹਮਣੇ ਆਉਣ ‘ਤੇ ਆਮ ਆਦਮੀ ਪਾਰਟੀ ਨੇ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ। ਪਾਰਟੀ ਨੇ ਇਸ ਯੋਜਨਾ ਵਿਚ ਗ਼ਰੀਬ ਕਿਸਾਨ ਦੀ ਬਜਾਏ ਆਪਣੇ ਚਹੇਤੇ ਅਮੀਰਾਂ ਨੂੰ ਫ਼ਾਇਦਾ ਪਹੁੰਚਾਣ ਦਾ ਦੋਸ਼ ਲਗਾਉਂਦੇ ਹੋਏ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪ੍ਰਦੇਸ਼ ਦੀ ਕਾਂਗਰਸ ਸਰਕਾਰ ਭ੍ਰਿਸ਼ਟਾਚਾਰ ਵਿਚ ਪੂਰੀ ਤਰਾ ਨਾਲ ਡੁੱਬੀ ਹੋਈ ਹੈ।

ਗ਼ਰੀਬਾਂ ਦੇ ਨਾਮ ‘ਤੇ ਯੋਜਨਾਵਾਂ ਬਣਾ ਕੇ ਅਮੀਰਾਂ ਅਤੇ ਅਪਣੇ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹੁਣ ਕਿਸਾਨ ਕਰਜ਼ਾ ਮੁਆਫ਼ੀ ਯੋਜਨਾ ਨੂੰ ਵੀ ਨਹੀਂ ਛੱਡਿਆ। ਇਸ ਯੋਜਨਾ ਦੀ ਮਦਦ ਨਾਲ ਗ਼ਰੀਬ ਕਿਸਾਨਾਂ ਨੂੰ ਫ਼ਾਇਦਾ ਪਹੁੰਚਾਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੀ ਅਸਲੀਅਤ ਫ਼ਰੀਦਕੋਟ ਵਿਚ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ਰੀਦਕੋਟ ਵਿਚ ਕਰਜ਼ਾ ਮੁਆਫ਼ੀ ਯੋਜਨਾ ਦੀ ਸੂਚੀ ਵਿਚ ਅਮੀਰ ਆਗੂਆਂ ਦੇ ਮੈਂਬਰਾਂ ਦੇ ਨਾਮ ਸ਼ਾਮਿਲ ਕੀਤੇ ਜਾਣ ਦਾ ਖ਼ੁਲਾਸਾ ਹੋ ਚੁੱਕਿਆ ਹੈ।

ਮੀਡੀਆ ਨੇ ਵੀ ਇਸ ਮਾਮਲੇ ਨੂੰ ਜਨਤਕ ਕੀਤਾ ਹੈ। ਇੱਥੇ ਜਿੰਨਾ ਕਿਸਾਨਾਂ ਦੇ ਕਰਜ਼ ਮੁਆਫ਼ ਕੀਤੇ ਹਨ ਉਨ੍ਹਾਂ ਵਿਚ ਅਮੀਰ ਅਕਾਲੀ ਆਗੂਆਂ ਦੇ ਮੈਂਬਰ ਵੀ ਸ਼ਾਮਿਲ ਹਨ। ਕਰਜ਼ ਮੁਆਫ਼ੀ ਦੀ ਸੂਚੀ ਵਿਚ ਸਾਬਕਾ ਅਕਾਲੀ ਮੰਤਰੀ ਜਸਵਿੰਦਰ ਸਿੰਘ ਬਰਾੜ ਦੀ ਪਤਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਮਾਤਾ ਮਨਜੀਤ ਕੌਰ ਬਰਾੜ, ਅਕਾਲੀ ਦਲ ਦਾ ਸਾਥ ਛੱਡ ਚੁੱਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਐਸਜੀਪੀਸੀ ਮੈਂਬਰ ਮੱਖਣ ਸਿੰਘ ਨੰਗਲ,

ਐਸਜੀਪੀਸੀ ਮੈਂਬਰ ਸ਼ੇਰ ਸਿੰਘ ਮੰਡਵਾਲਾ ਦੀ ਪਤਨੀ ਜਸਵੀਰ ਕੌਰ, ਐਸਜੀਪੀਸੀ ਮੈਂਬਰ ਸੁਖਦੇਵ ਸਿੰਘ ਦੇ ਭਰਾ ਜਸਵਿੰਦਰ ਸਿੰਘ, ਸਾਬਕਾ ਅਕਾਲੀ ਨੇਤਾ ਦਰਸ਼ਨ ਸਿੰਘ, ਮੋਹਨ ਸਿੰਘ ਭਾਣਾ ਸਮੇਤ ਕਈ ਅਕਾਲੀ ਆਗੂਆਂ ਦੇ ਨਾਮ ਸ਼ਾਮਲ ਹਨ। ਜਿੰਨਾ ਦਾ ਸਰਕਾਰ ਨੇ ਕਰਜ਼ਾ ਮੁਆਫ਼ ਕੀਤਾ ਹੈ। ਇਨ੍ਹਾਂ ਆਗੂਆਂ ਕੋਲ ਚੰਗੀ ਜ਼ਮੀਨ ਜਾਇਦਾਦ ਹੈ ਅਤੇ ਕਈਆਂ ਦੇ ਬੱਚੇ ਤਾਂ ਵਿਦੇਸ਼ ਵਿੱਚ ਪੜਾਈ ਕਰ ਰਹੇ ਹਨ। ਅਜਿਹੀ ਹੀ ਸ਼ਿਕਾਇਤਾਂ ਹੋਰ ਜ਼ਿਲ੍ਹਿਆਂ ਤੋਂ ਵੀ ਸਾਹਮਣੇ ਆ ਰਹੀਆਂ ਹਨ।

ਸੰਸਦ ਮਾਨ ਨੇ ਕਿਹਾ ਕਿ ਦੂਜੇ ਪਾਸੇ ਕਈ ਗ਼ਰੀਬ ਕਿਸਾਨ ਅਜਿਹੇ ਹਨ ਜਿੰਨਾ ਦਾ ਨਾਮ ਸੂਚੀ ਵਿਚ ਸ਼ਾਮਿਲ ਹੀ ਨਹੀਂ ਹੈ। ਉਹ ਅਪਣਾ ਨਾਮ ਇਸ ਸੂਚੀ ਵਿਚ ਸ਼ਾਮਿਲ ਕਰਵਾਉਣ ਲਈ ਅਫ਼ਸਰਾਂ ਦੇ ਚੱਕਰ ਲੱਗਾ ਰਹੇ ਹਨ। ਮਾਨ ਨੇ ਇਸ ਪੂਰੀ ਯੋਜਨਾ ਵਿਚ ਭ੍ਰਿਸ਼ਟਾਚਾਰ ਹੋਣ ਦਾ ਖ਼ਦਸ਼ਾ ਜ਼ਾਹਿਰ ਕਰਦੇ ਹੋਏ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਕਿਸਾਨ ਦੀ ਹਿਤੈਸ਼ੀ ਹੈ। ਇਸ ਮਾਮਲੇ ਵਿਚ ਉਹ ਪੂਰੀ ਤਰਾਂ ਨਾਲ ਗ਼ਰੀਬ ਕਿਸਾਨ ਦੇ ਨਾਲ ਹੈ ਅਤੇ ਉਨ੍ਹਾਂ ਦੇ ਹੱਕਾਂ ਲਈ ਪਾਰਟੀ ਹਰ ਪੱਧਰ ਤੱਕ ਲੜਾਈ ਲੜੇਗੀ।

Related Stories