ਮਾਰਚ ਤੋਂ ਥਾਣਿਆਂ ‘ਚ ਤੈਨਾਤ ਇਕ ਵੱਖਰਾ ਸਟਾਫ਼ ਤੈਅ ਸਮੇਂ ‘ਚ ਕਰੇਗਾ ਸੰਗੀਨ ਮਾਮਲਿਆਂ ਦੀ ਜਾਂਚ ਪੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਰੇ 410 ਪੁਲਿਸ ਥਾਣਿਆਂ ਦੀ ਫੋਰਸ ਮਾਰਚ ਤੋਂ ਬਾਅਦ ਦੋ ਹਿੱਸਿਆਂ ਵਿਚ ਕੰਮ ਕਰੇਗੀ। ਇਕ ਹਿੱਸਾ ਲਾ ਐਂਡ ਆਰਡਰ ਅਤੇ ਦੂਜਾ ਹਿੱਸਾ ਜਾਂਚ ਦਾ...

DGP Suresh Arora

ਚੰਡੀਗੜ੍ਹ : ਪੰਜਾਬ ਦੇ ਸਾਰੇ 410 ਪੁਲਿਸ ਥਾਣਿਆਂ ਦੀ ਫੋਰਸ ਮਾਰਚ ਤੋਂ ਬਾਅਦ ਦੋ ਹਿੱਸਿਆਂ ਵਿਚ ਕੰਮ ਕਰੇਗੀ। ਇਕ ਹਿੱਸਾ ਲਾ ਐਂਡ ਆਰਡਰ ਅਤੇ ਦੂਜਾ ਹਿੱਸਾ ਜਾਂਚ ਦਾ ਹੋਵੇਗਾ। ਸ਼ਹਿਰ ਦਾ ਲਾ ਐਂਡ ਆਰਡਰ ਥਾਣੇ ਦਾ ਐਸਐਚਓ ਵੇਖੇਗਾ। ਇਸ ਤੋਂ ਇਲਾਵਾ ਉਹ ਤਿੰਨ ਸਾਲ ਤੱਕ ਦੀ ਸਜ਼ਾ ਵਾਲੇ ਮਾਮਲਿਆਂ ਦੀ ਜਾਂਚ ਵੀ ਕਰਨਗੇ। ਤਿੰਨ ਸਾਲ ਤੋਂ ਵੱਧ ਸਜ਼ਾ ਵਾਲੇ ਵੱਡੇ ਮਾਮਲਿਆਂ ਦੀ ਜਾਂਚ ਬਿਊਰੋ ਆਫ਼ ਇੰਨਵੈਸਟੀਗੇਸ਼ਨ ਦਾ ਸਟਾਫ਼ ਵੇਖੇਗਾ, ਜਿਸ ਦੀ ਅਗਵਾਈ ਡੀਐਸਪੀ ਕਰੇਗਾ।

ਸਰਕਾਰ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਕਈ ਵਾਰ ਸੰਗੀਨ ਮਾਮਲਿਆਂ ਦੀ ਜਾਂਚ ਸਿਰਫ਼ ਇਸ ਗੱਲ ਕਾਰਨ ਨਹੀਂ ਹੁੰਦੀ ਸੀ ਕਿ ਥਾਣਾ ਮੁਖੀ ਬਹਾਨਾ ਬਣਾ ਦਿੰਦੇ ਸਨ ਕਿ ਉਹ ਵੀਆਈਪੀ ਜਾਂ ਹੋਰ ਕੰਮ ਵਿਚ ਰੁੱਝੇ ਸਨ। ਹੁਣ ਥਾਣੇ ਦੇ ਸਟਾਫ਼ ਦੇ ਨਾਲ-ਨਾਲ ਇੰਨਵੈਸਟੀਗੇਸ਼ਨ ਬਿਊਰੋ ਦਾ ਸਟਾਫ਼ ਵੀ ਥਾਣੇ ਵਿਚ ਹੀ ਡੀਐਸਪੀ ਕਰਾਈਮ ਦੀ ਦੇਖਭਾਲ ਵਿਚ ਬੈਠੇਗਾ। ਇਹ ਬਿਊਰੋ ਹੀ ਹੁਣ ਹਰ ਤਰ੍ਹਾਂ ਦੇ ਵੱਡੇ ਮਾਮਲਿਆਂ ਦੀ ਜਾਂਚ ਕਰੇਗਾ, ਜਿਸ ਵਿਚ ਥਾਣਾ ਪੁਲਿਸ ਦੀ ਕੋਈ ਭੂਮਿਕਾ ਨਹੀਂ ਹੋਵੇਗੀ।

ਥਾਣਾ ਪੁਲਿਸ ਸਿਰਫ਼ ਲਾ ਐਂਡ ਆਰਡਰ ਅਤੇ ਛੋਟੇ ਮਾਮਲਿਆਂ ਦੀ ਜਾਂਚ ਹੀ ਕਰੇਗਾ। ਇੰਨਵੈਸਟੀਗੇਸ਼ਨ ਦੇ ਕੰਮ ਨੂੰ ਲਾ ਐਂਡ ਆਰਡਰ ਦੇ ਕੰਮ ਤੋਂ ਵੱਖ ਕਰਨ ਦੇ ਬਾਰੇ ਵਿਚ ਪਹਿਲਾਂ ਕਈ ਵਾਰ ਐਲਾਨ ਕੀਤੇ ਜਾ ਚੁੱਕੇ ਹਨ ਪਰ ਅਜੇ ਤੱਕ ਇਸ ਫ਼ੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਸੀ। ਹੁਣ ਇਸ ਫ਼ੈਸਲੇ ਨੂੰ ਮਾਰਚ ਦੇ ਪਹਿਲੇ ਹਫ਼ਤੇ ਤੋਂ ਲਾਗੂ ਕਰ ਦਿਤਾ ਜਾਵੇਗਾ। ਇਸ ਲਈ ਬਿਊਰੋ ਆਫ਼ ਇੰਨਵੈਸਟੀਗੇਸ਼ਨ ਵਲੋਂ 3600 ਕਰਮਚਾਰੀਆਂ ਦਾ ਸਟਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਪਹੁੰਚ ਰਿਹਾ ਹੈ।

ਇਸ ਦੇ ਲਈ ਸਬੰਧਤ ਸਟਾਫ਼ ਨੂੰ ਵੱਖ ਤੋਂ ਟ੍ਰੇਨਿੰਗ ਦਿਤੀ ਜਾ ਰਹੀ ਹਨ। ਰਾਜ ਦੇ ਲਗਭੱਗ 410 ਥਾਣਿਆਂ ਵਿਚ ਬਿਊਰੋ ਆਫ਼ ਇੰਨਵੈਸਟੀਗੇਸ਼ਨ ਦੇ 3600 ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਹੁਣ ਹਰ ਥਾਣੇ ਵਿਚ ਇੰਨਵੈਸਟੀਗੇਸ਼ਨ ਬਿਊਰੋ ਦੇ ਫ਼ਿਲਹਾਲ 9 ਤੋਂ ਵੱਧ ਅਫ਼ਸਰ ਅਤੇ ਕਰਮਚਾਰੀ ਤੈਨਾਤ ਹੋਣਗੇ, ਜੋ ਵੱਡੇ ਮਾਮਲਿਆਂ ਦੀ ਜਾਂਚ ਦਾ ਕੰਮ ਕਰਨਗੇ। ਬਾਅਦ ਵਿਚ ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇਗੀ।