ਪੁਲਿਸ ਵਲੋਂ ਤਿੰਨ ਗਰਮ ਖਿ਼ਆਲੀ ਹਥਿਆਰਾਂ ਸਮੇਤ ਕਾਬੂ
ਬਟਾਲਾ ਪੁਲਿਸ ਨੇ ਕੱਟੜਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ
ਬਟਾਲਾ ਪੁਲਿਸ ਨੇ ਕੱਟੜਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਪੁਲਿਸ ਨੇ ਇਹ ਦਾਅਵਾ ਜਤਾਇਆ ਕਿ ਇਹ ਉਹ ਦੋਸ਼ੀ ਹਨ ਜਿਨ੍ਹਾਂ ਨੇ 31 ਮਈ ਦੀ ਸਵੇਰ ਨੂੰ ਬਟਾਲਾ ਦੇ ਪਿੰਡਾ ਦੇ ਦੋ ਠੇਕਿਆਂ ਨੂੰ ਅੱਗ ਲਾ ਕਿ ਸਾੜ੍ਹ ਦਿੱਤਾ ਸੀ।
ਐਸਐਸਪੀ ਦਫ਼ਤਰ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਬਾਰਡਰ ਰੇਂਜ ਦੇ ਐਸਪੀ ਐਸ ਪਰਮਾਰ ਨੇ ਦੱਸਿਆ ਕਿ 21 ਸਾਲਾ ਧਰਮਿੰਦਰ ਸਿੰਘ ਉਰਫ਼ ਕਮਾਂਡੋ ਸਿੰਘ ਅਤੇ 26 ਸਾਲਾ ਕ੍ਰਿਪਾਲ ਸਿੰਘ ਨੂੰ ਵੱਖ-ਵੱਖ ਸੋਸ਼ਲ ਮੀਡੀਆ ਜਿਵੇਂ ਵਟਸਐੱਪ ਤੇ ਟੈਲੀਗ੍ਰਾਮ ਮੰਚਾਂ ਰਾਹੀਂ ਵਿਦੇਸ਼ੀ ਬੈਠੇ ਵੱਖਵਾਦੀ ਸਮਰਥਕਾਂ ਨੇ ਇਸ ਮੁਹਿੰਮ ਵਿਚ ਅਪਣੇ ਨਾਲ ਰਲਾਇਆ ਸੀ।
ਇਸ ਦੌਰਾਨ ਧਰਮਿੰਦਰ ਨੂੰ 9 ਮਹੀਨਿਆਂ ਦੀ ਮੁਢਲੀ ਸਿਖਲਾਈ ਅਤੇ ਹਥਿਆਰਾਂ ਦੀ ਟ੍ਰੈਨਿੰਗ ਵੀ ਦਿੱਤੀ ਗਈ ਸੀ ਅਤੇ ਕ੍ਰਿਪਾਲ ਸਿੰਘ ਜ਼ਿਲ੍ਹਾ ਵਲਟੋਹਾ ਤਰਨਤਾਰਨ ਦੇ ਪਿੰਡ ਫਤਹਿਪੁਰ ਨਵਾਂਪਿੰਡ ਦਾ ਵਾਸੀ ਹੈ। ਕੱਟੜਪੰਥੀਆਂ ਨੇ ਇਨ੍ਹਾਂ ਨੂੰ ਇਸ ਘੱਲੂਘਾਰਾ ਹਫਤੇ ਦੌਰਾਨ ਰੈਫ਼ਰੈਂਡਮ 2020 ਦੇ ਸਲੋਗਨ ਉਲੀਕਣ ਅਤੇ ਸ਼ਰਾਬ ਦੇ ਠੇਕਿਆਂ ਤੇ ਸਰਕਾਰੀ ਜਾਇਦਾਦ ਨੂੰ ਸਾੜ ਦੇਣ ਲਈ ਕਿਹਾ ਸੀ।
ਪੁਲਿਸ ਨੇ ਕਿਹਾ ਕਿ ਕ੍ਰਿਪਾਲ ਤੇ ਧਰਮਿੰਦਰ ਤੋਂ ਕੀਤੀ ਪੁੱਛਗਿੱਛ ਦੇ ਆਧਾਰ ਉੱਤੇ ਰਵਿੰਦਰ ਸਿੰਘ ਰਾਜਾ ਨੂੰ ਕਾਬੂ ਕੀਤਾ ਗਿਆ। ਦੱਸ ਦਈਏ ਕਿ ਰਾਜਾ ਦੋਵਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ਤਹਿਤ ਗਿਰਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੇ ਘਰ ਦੀ ਤਲਾਸ਼ੀ ਦੌਰਾਨ 2020 ਸਿੱਖ ਰਿਫਰੈਂਡਮ ਬਾਰੇ ਪੋਸਟਰ, ਖਾਲਿਸਤਾਨ ਜ਼ਿੰਦਾਬਾਦ ਤੇ 2020 ਸਿੱਖ ਰਿਫਰੈਂਡੰਮ ਦੇ ਸਟੈਨਸਿਲ ਅਤੇ ਇੱਕ ਪੇਂਟ ਕਰਨ ਵਾਲੀ ਸਪ੍ਰੇਅ ਬੋਟਲ ਵੀ ਮਿਲੀ ਹੈ।