16 ਨੂੰ ਨਵੇਂ ਅਕਾਲੀ ਦਲ ਦਾ ਆਗਾਜ਼ ਕਰਨਗੇ ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ........

Brahampura will launch the new Akali Dal on 16th

ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ। ਅੱਜ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਖਡੂਰ ਸਾਹਿਬ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ 16 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਮੌਜੂਦਾ ਅਕਾਲੀ ਦਲ ਪ੍ਰਾਈਵੇਟ ਲਿਮਟਿਡ ਕੰਪਨੀ ਜੀਜੇ-ਸਾਲੇ ਨੂੰ ਵੀ ਜੰਮ ਕੇ ਅਪਣੇ ਨਿਸ਼ਾਨੇ ਉਤੇ ਲਿਆ।

ਉਨ੍ਹਾਂ ਕਿਹਾ, ਮੇਰਾ 60 ਸਾਲ ਦਾ ਰਾਜਨੀਤਕ ਤਜਰਬਾ ਹੈ ਅਤੇ ਇਸ ਲੰਮੇ ਸਮੇਂ ਦੌਰਾਨ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਇੰਨੀ ਮੰਦੀ ਹਾਲਤ ਕਦੇ ਨਹੀਂ ਵੇਖੀ ਅਤੇ ਇਸ ਪਾਰਟੀ ਨੂੰ ਨੁਕਸਾਨ ਕਰਨ ਵਾਲੇ ਸਿਰਫ਼ ਤੇ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹਨ ਜਿਨ੍ਹਾਂ ਲੋਕਾਂ ਵਿਚ ਇਸ ਪਵਿੱਤਰ ਅਕਾਲੀ ਦਲ ਦਾ ਅਕਸ ਖ਼ਰਾਬ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਤੇ ਮਜੀਠੀਆਂ ਨੇ ਜੋ ਬਜਰ ਗੁਨਾਹ ਕੀਤਾ ਹੈ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈ ਜਿਸ ਵਿਚ ਇਨ੍ਹਾ ਅਪਣਾ ਸਿਆਸੀ ਲਾਹਾ ਖੱਟਣ ਖਾਤਰ ਸਿੱਖ ਪੰਥ, ਕੌਮ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੈ,

ਜੋ ਸਮਾਂ ਆਉਣ ਉਤੇ ਲੋਕਾਂ ਵਲੋਂ ਇਨ੍ਹਾਂ ਨੂੰ ਕਿਸੇ ਵੀ ਸੂਰਤ ਵਿਚ ਬਖਸ਼ਿਆ ਨਹੀਂ ਜਾਵੇਗਾ। ਜਥੇਦਾਰ ਬ੍ਰਹਮਪੁਰਾ ਅਪਣੇ ਸੰਬੋਧਨ ਦੌਰਾਨ ਭਾਵੁਕ ਵੀ ਹੋ ਗਏ। ਉਨ੍ਹਾਂ ਕਿਹਾ, “ਮੈਨੂੰ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਅਤੇ ਪ੍ਰੇਸ਼ਾਨੀ ਨਹੀਂ ਸੀ, ਮੇਰੇ ਕੋਲ ਰਾਜਭਾਗ ਸੀ, ਹਰ ਥਾਂ ਇੱਜ਼ਤ ਹੁੰਦੀ ਸੀ, ਸਲੂਟ ਵਜਦੇ ਸਨ ਅਤੇ ਚੰਗਾ ਵਤੀਰਾ ਹੁੰਦਾ ਸੀ ਪਰ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਪੰਥ ਵਿਰੋਧੀ ਸਿਰਸੇ ਵਾਲੇ ਪਖੰਡੀ ਸਾਧ ਨਾਲ ਰਲ ਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਗਈਆਂ

ਤਾਂ ਮੇਰੇ ਕੋਲੋਂ ਰਿਹਾ ਨਹੀਂ ਗਿਆ ਅਤੇ ਹੁਣ ਇਸ ਪਰਿਵਾਰ ਨੂੰ ਲਾਂਭੇ ਕਰਨ ਦਾ ਵਕਤ ਆ ਗਿਆ ਹੈ। ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਉਹ ਹਰ ਇਕ ਉਪਰਾਲਾ ਕੀਤਾ ਜਾਵੇਗਾ ਜਿਸ ਨਾਲ ਸਿੱਖ ਪੰਥ ਦੀ ਚੜ੍ਹਦੀਕਲਾ ਹੋ ਸਕੇ।

Related Stories