ਪਾਕਿ ਤੋਂ ਸੇਬ ਦੀਆਂ ਪੇਟੀਆਂ ‘ਚ ਲਿਆਂਦਾ ਜਾ ਰਿਹਾ 30 ਕਿੱਲੋ ਸੋਨਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਟਾਰੀ ਬਾਰਡਰ ਸਥਿਤ ਇੰਟੀਗ੍ਰੇਟਡ ਚੈੱਕ ਪੋਸਟ ‘ਤੇ ਬੁੱਧਵਾਰ ਨੂੰ ਪਾਕਿਸਤਾਨ ਤੋਂ ਆਈਆਂ ਸੇਬ ਦੀਆਂ ਪੇਟੀਆਂ ਵਿਚੋਂ 30 ਕਿੱਲੋ ਸੋਨਾ ਬਰਾਮਦ...

Gold caught in apple box

ਅੰਮ੍ਰਿਤਸਰ (ਸਸਸ) : ਅਟਾਰੀ ਬਾਰਡਰ ਸਥਿਤ ਇੰਟੀਗ੍ਰੇਟਡ ਚੈੱਕ ਪੋਸਟ ‘ਤੇ ਬੁੱਧਵਾਰ ਨੂੰ ਪਾਕਿਸਤਾਨ ਤੋਂ ਆਈਆਂ ਸੇਬ ਦੀਆਂ ਪੇਟੀਆਂ ਵਿਚੋਂ 30 ਕਿੱਲੋ ਸੋਨਾ ਬਰਾਮਦ ਕੀਤਾ ਗਿਆ। ਜਾਣਕਾਰੀ ਮੁਤਾਬਕ, 60 ਪੇਟੀਆਂ ਦੀ ਚੈਕਿੰਗ ਦੇ ਦੌਰਾਨ ਇੰਨਾ ਸੋਨਾ ਮਿਲਿਆ ਹੈ,  ਜਦੋਂ ਕਿ ਟਰੱਕ ਵਿਚ 320 ਪੇਟੀਆਂ ਹਨ, ਜਿਸ ਦੀ ਚੈਕਿੰਗ ਦੇਰ ਰਾਤ ਤੱਕ ਜਾਰੀ ਰਹੀ। ਕਸਟਮ ਨੇ 23 ਸਾਲ ਬਾਅਦ ਇਨ੍ਹੇ ਵੱਡੇ ਪੈਮਾਨੇ ਉਤੇ ਸੋਨੇ ਦੀ ਬਰਾਮਦਗੀ ਕੀਤੀ ਹੈ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 9.48 ਕਰੋੜ ਦੇ ਕਰੀਬ ਹੈ।

ਇਸ ਤੋਂ ਪਹਿਲਾਂ 1995 ਵਿਚ 80 ਕਿੱਲੋ ਸੋਨਾ ਫੜਿਆ ਗਿਆ ਸੀ, ਉਸ ਸਮੇਂ ਇਸ ਦੀ ਕੀਮਤ 3.74 ਕਰੋੜ ਦੇ ਕਰੀਬ ਸੀ। ਡਰਾਈਵਰ ਅਤੇ ਹੈਲਪਰ ਹਿਰਾਸਤ ਵਿਚ ਹਨ। ਵਿਚੋਲਿਆਂ ਅਤੇ ਮਾਲ ਮੰਗਵਾਉਣ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਟਰੱਕ ਦੁਪਹਿਰ ਨੂੰ ਅਫ਼ਗਾਨਿਸਤਾਨੀ ਸੇਬ ਲੈ ਕੇ ਸਰਹੱਦ ਪਾਰ ਤੋਂ ਆਇਆ ਸੀ। ਮੈਨੁਅਲ ਚੈਕਿੰਗ ਦੇ ਦੌਰਾਨ ਇਕ ਪੇਟੀ ਨੂੰ ਖੋਲ ਕੇ ਵੇਖਿਆ ਤਾਂ ਉਸ ਵਿਚ ਗੁਪਤ ਤਰੀਕੇ ਨਾਲ ਪੇਟੀ ਦੀ ਲੱਕੜੀ ਉਤੇ ਧਾਤੂ ਦੀ ਪਲੇਟ ਚਿਪਕਾਈ ਗਈ ਸੀ।

ਇਸ ਨੂੰ ਲੱਕੜੀ ਦਾ ਹੀ ਕਲਰ ਦਿਤਾ ਗਿਆ ਸੀ। ਸ਼ੱਕ ਹੋਣ ‘ਤੇ ਪੇਟੀ ਨੂੰ ਹੇਠਾਂ ਉਤਾਰ ਕੇ ਤੋੜਿਆ ਗਿਆ ਤਾਂ ਉਹ ਸੋਨਾ ਨਿਕਲਿਆ। ਚੈਕਿੰਗ ਕੀਤੀ ਗਈ ਤਾਂ ਹਰ ਤਿੰਨ-ਚਾਰ ਪੇਟੀਆਂ ਤੋਂ ਬਾਅਦ ਇਕ ਪੇਟੀ ਵਿਚ ਸੋਨਾ ਮਿਲਿਆ। ਟਰੱਕ ਵਿਚ ਕੁੱਲ 320 ਪੇਟੀਆਂ ਸਨ, ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚ ਵੀ ਸੋਨਾ ਹੋ ਸਕਦਾ ਹੈ। ਪੇਟੀਆਂ ਦੀ ਚੈਕਿੰਗ 2:30 ਵਜੇ ਸ਼ੁਰੂ ਕੀਤੀ ਗਈ ਸੀ ਅਤੇ 10 ਵਜੇ ਤੱਕ ਕੁੱਲ 60 ਪੇਟੀਆਂ ਵਿਚੋਂ 30 ਕਿਲੋ ਸੋਨਾ ਫੜਿਆ ਗਿਆ। ਬਾਕੀ ਪੇਟੀਆਂ ਦੀ ਚੈਕਿੰਗ ਰਾਤ ਤੱਕ ਜਾਰੀ ਰਹੀ।

ਇਸ ਤੋਂ ਪਹਿਲਾਂ ਸਾਲ 1994 ਵਿਚ ਆਖ਼ਰੀ ਅਤੇ ਸਭ ਤੋਂ ਵਧੇਰੇ 80 ਕਿੱਲੋ ਸੋਨਾ ਫੜਿਆ ਗਿਆ ਸੀ। ਉਸ ਤੋਂ ਪਹਿਲਾਂ 6 ਜਨਵਰੀ 1988 ਵਿਚ 52 ਕਿੱਲੋ ਦੀ ਬਰਾਮਦਗੀ ਹੋਈ ਸੀ। ਮਾਹਿਰਾਂ ਦੀ ਮੰਨੀਏ ਤਾਂ ਦੁਬਈ ਅਤੇ ਪਾਕਿਸਤਾਨ ਵਿਚ ਭਾਰਤ ਦੇ ਮੁਕਾਬਲੇ ਸੋਨੇ ਦੀ ਕੀਮਤ ਕਾਫ਼ੀ ਘੱਟ ਹੈ। ਇਹ ਅੰਤਰ ਪ੍ਰਤੀ ਕਿੱਲੋ 3 ਤੋਂ 4 ਲੱਖ ਰੁਪਏ ਤੱਕ ਦਾ ਹੈ। 1993 ਵਿਚ ਨਰਸਿਮਹਾ ਰਾਓ ਸਰਕਾਰ ਨੇ ਵਿਦੇਸ਼ ਵਿਚ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਬਤੀਤ ਕਰ ਚੁੱਕੇ ਵਿਅਕਤੀ ਨੂੰ ਕਸਟਮ ਡਿਊਟੀ ਭਰ ਕੇ 5 ਕਿੱਲੋ ਸੋਨਾ ਲਿਆਉਣ ਦੀ ਛੁੱਟ ਦਿਤੀ ਸੀ।

ਹਾਲਾਂਕਿ ਡਿਊਟੀ ਭਰਨ ਨਾਲ ਕਮਾਈ ਘੱਟ ਹੋ ਜਾਂਦੀ ਸੀ, ਜਿਸ ਕਾਰਨ ਤਸਕਰੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਤੋਂ ਤਸਕਰੀ ਦੀ ਕੋਸ਼ਿਸ਼ ਹੁੰਦੀ ਰਹੀ ਹੈ।

Related Stories