ਰੇਲਵੇ ‘ਚ ਨੌਕਰੀ ਦੇ ਨਾਮ ‘ਤੇ ਲੱਖਾਂ ਦੀ ਠੱਗੀ, ਇੰਟਰਵਿਊ ਲਈ ਲਿਜਾਂਦੇ ਸੀ ਸ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੇਲਵੇ ਵਿਚ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਤਿੰਨ ਆਦਮੀਆਂ ਨੇ ਪਿੰਡ ਸ਼ਾਹਦੀਨ ਵਾਲਾ ਦੇ ਚਾਰ ਨੌਜਵਾਨਾਂ ਤੋਂ 14.20 ਲੱਖ ਰੁਪਏ ਦੀ ਠੱਗੀ...

Fraud Case

ਫਿਰੋਜ਼ਪੁਰ : ਰੇਲਵੇ ਵਿਚ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਤਿੰਨ ਆਦਮੀਆਂ ਨੇ ਪਿੰਡ ਸ਼ਾਹਦੀਨ ਵਾਲਾ ਦੇ ਚਾਰ ਨੌਜਵਾਨਾਂ ਤੋਂ 14.20 ਲੱਖ ਰੁਪਏ ਦੀ ਠੱਗੀ ਮਾਰੀ। ਥਾਣਾ ਸਦਰ ਪੁਲਿਸ ਨੇ ਸੋਮਵਾਰ ਨੂੰ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਫ਼ਰਾਰ ਹਨ। ਪੁਲਿਸ ਨੂੰ ਦਿਤੇ ਬਿਆਨ ਵਿਚ ਪੀੜਤ ਮੰਗਲ  ਸਿੰਘ ਪੁੱਤਰ ਮੰਦਾ, ਸਰਬਜੀਤ ਸਿੰਘ ਪੁੱਤਰ ਨਿਰਮਲ ਸਿੰਘ, ਰੇਸ਼ਮ ਸਿੰਘ ਪੁੱਤਰ ਤਾਰਾ ਸਿੰਘ ਅਤੇ ਮਹਿੰਦੋ ਪਤਨੀ ਜੱਸਾ ਸਿੰਘ ਨਿਵਾਸੀ ਪਿੰਡ ਸ਼ਾਹਦੀਨ ਵਾਲਾ ਨੇ ਦੱਸਿਆ

 ਬਚਿੱਤਰ ਸਿੰਘ, ਰਾਜ ਕੌਰ ਅਤੇ ਧਰਮਿੰਦਰ ਸਿੰਘ ਨੇ ਉਨ੍ਹਾਂ ਦੇ  ਬੱਚਿਆਂ ਨੂੰ ਰੇਲਵੇ ਵਿਭਾਗ ਵਿਚ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ 14 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰੀ। ਪੀੜਤਾਂ ਨੇ ਦੱਸਿਆ ਕਿ ਬਚਿੱਤਰ ਨੇ ਅਪਣਾ ਨਾਮ ਸੰਦੀਪ ਸਿੰਘ ਦੱਸਿਆ ਸੀ ਅਤੇ ਉਹ ਬੱਚਿਆਂ ਨੂੰ ਰੇਲਵੇ ਵਿਚ ਨੌਕਰੀ ਦਿਵਾਉਣ ਦੇ ਨਾਮ ਉਤੇ ਲੁਧਿਆਣਾ, ਚੰਡੀਗੜ੍ਹ ਅਤੇ ਜੰਮੂ ਇੰਟਰਵਿਊ ਦਿਵਾਉਣ ਲਈ ਲੈ ਗਿਆ, ਉਨ੍ਹਾਂ ਨੂੰ ਦੱਸਿਆ ਗਿਆ ਕਿ ਰੇਲਵੇ ਦਾ ਡੀਆਰਐਮ ਇੰਟਰਵਿਊ ਲਏਗਾ।

ਇਹੀ ਨਹੀਂ ਮੁਲਜ਼ਮਾਂ ਨੇ ਉਨ੍ਹਾਂ ਦੇ ਬੱਚਿਆਂ ਦੇ ਅਸਲ ਸਰਟੀਫਿਕੇਟ ਵੀ ਲੈ ਰੱਖੇ ਹਨ। ਪਿੰਡ ਦੇ ਹੋਰ ਲੋਕਾਂ ਨਾਲ ਵੀ ਮੁਲਜ਼ਮਾਂ ਨੇ ਨੌਕਰੀ ਦਿਵਾਉਣ ਦੇ ਨਾਮ ਉਤੇ ਠੱਗੀ ਮਾਰੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ, ਸਰਬਜੀਤ ਸਿੰਘ, ਰੇਸ਼ਮ ਸਿੰਘ  ਅਤੇ ਮਹਿੰਦੋ ਦੇ ਬਿਆਨ ਦੇ ਆਧਾਰ ਉਤੇ ਮੁਲਜ਼ਮ ਬਚਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ, ਰਾਜ ਕੌਰ ਪਤਨੀ ਬਚਿੱਤਰ ਸਿੰਘ ਨਿਵਾਸੀ ਦਾਸੂਵਾਲ ਜ਼ਿਲ੍ਹਾ ਤਰਨਤਾਰਨ

ਅਤੇ ਧਰਮਿੰਦਰ ਸਿੰਘ ਪੁੱਤਰ ਸ਼ੀਤਲ ਸਿੰਘ ਨਿਵਾਸੀ ਪਿੰਡ ਡੂਮਨੀ ਵਾਲਾ ਥਾਣਾ ਕੁਲਗੜੀ ਦੇ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।