ਕੰਪਨੀ ਨਾਲ ਲੱਖਾਂ ਦੀ ਠੱਗੀ ਮਾਰਨ ਵਾਲਾ ਸੇਲਸਮੈਨ ਚੜ੍ਹਿਆ ਪੁਲਿਸ ਦੇ ਹੱਥੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਲਾਂਬੜਾ ਦੀ ਪੁਲਿਸ ਨੇ ਸੀਐਮ ਐਸੋਸੀਏਸ਼ਨ ਕੰਪਨੀ ਦੇ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਦੋਸ਼ੀ ਨੂੰ...

Arrest for cheating with company

ਜਲੰਧਰ (ਸਸਸ) : ਥਾਣਾ ਲਾਂਬੜਾ ਦੀ ਪੁਲਿਸ ਨੇ ਸੀਐਮ ਐਸੋਸੀਏਸ਼ਨ ਕੰਪਨੀ ਦੇ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ ਐਸ.ਐਚ.ਓ. ਪੁਸ਼ਪ ਬਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਐਮ ਐਸੋਸੀਏਸ਼ਨ ਨਾਮ ਦੀ ਕੰਪਨੀ ਨੇ ਇਕ ਸ਼ਿਕਾਇਤ ਦਿਤੀ ਸੀ। ਜਿਸ ਵਿਚ ਉਨ੍ਹਾਂ ਨੇ ਅਪਣੀ ਕੰਪਨੀ ਦੇ ਸੇਲਸਮੈਨ ਵਿਸ਼ਾਲ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਨਿਵਾਸੀ ਨਿਊ ਪ੍ਰਿਥਵੀ ਨਗਰ ਥਾਣਾ ਰਾਮਾਮੰਡੀ ‘ਤੇ ਕੰਪਨੀ ਨਾਲ ਹੀ ਠੱਗੀ ਮਾਰਨ ਦਾ ਦੋਸ਼ ਲਗਾਇਆ ਸੀ।

ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਦੋਸ਼ੀ ਸੀਐਮ ਐਸੋਸੀਏਸ਼ਨ ਪ੍ਰਾਈਵੇਟ ਲਿਮੀਟਡ ਨਾਮ ਦੀ ਕੰਪਨੀ ਵਿਚ ਬਤੌਰ ਸੇਲਸਮੈਨ ਕੰਮ ਕਰਦਾ ਸੀ ਅਤੇ ਜਲੰਧਰ ਵਿਚ ਵੱਖ-ਵੱਖ ਹੋਲਸੇਲ ਦੀਆਂ ਦੁਕਾਨਾਂ ਤੋਂ ਆਰਡਰ ਲੈ ਕੇ ਮਾਲ ਸਪਲਾਈ ਕਰਦਾ ਸੀ। ਮਾਲ ਸਪਲਾਈ ਹੋਣ ਤੋਂ ਬਾਅਦ ਦੁਕਾਨਾਂ ਤੋਂ ਨਕਦ ਪੇਮੈਂਟ ਇਕੱਠੀ ਕਰਕੇ ਕੈਸ਼ੀਅਰ ਦੇ ਕੋਲ ਜਮ੍ਹਾਂ ਕਰਵਾ ਦਿੰਦਾ ਸੀ। ਜਦੋਂ ਕੰਪਨੀ ਨੇ ਉਕਤ ਦੁਕਾਨਾਂ ਨਾਲ ਹਿਸਾਬ-ਕਿਤਾਬ ਮਿਲਾਇਆ ਤਾਂ ਪਤਾ ਲੱਗਿਆ ਕਿ ਹਿਸਾਬ ਵਿਚ 9,35,274 ਦਾ ਫ਼ਰਕ ਹੈ।

ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਵਿਸ਼ਾਲ ਸਾਰੀਆਂ ਦੁਕਾਨਾਂ ਤੋਂ ਨਕਦ ਰੁਪਏ ਲੈ ਲੈਂਦਾ ਸੀ ਅਤੇ ਕੰਪਨੀ ਵਿਚ ਘੱਟ ਰੁਪਏ ਜਮ੍ਹਾਂ ਕਰਵਾਉਂਦਾ ਸੀ। ਵਿਸ਼ਾਲ ਨੇ ਉਸ ਸਮੇਂ ਪਿੰਡ ਜਗਨ ਵਿਚ ਸਥਿਤ ਕੰਪਨੀ ਦੇ ਬ੍ਰਾਂਚ ਮੈਨੇਜਰ ਪਰੇਸ਼ ਮਲਹੋਤਰਾ ਤੋਂ ਵੀ 4-5 ਲੱਖ ਰੁਪਏ ਉਧਾਰ ਲਏ ਸਨ। ਦੋਸ਼ੀ ਸਾਬਿਤ ਹੋਣ ‘ਤੇ ਥਾਣਾ ਲਾਂਬੜਾ ਦੀ ਪੁਲਿਸ ਨੇ ਦੋਸ਼ੀ ਵਿਸ਼ਾਲ ਨੂੰ ਗੁਪਤ ਸੂਚਨਾ ਦੇ ਆਧਾਰ ਉਤੇ ਲਾਂਬੜਾ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ : ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਮੁਖੀ ਇੰਨਸਪੈਕਟਰ ਸ਼ਿਵ ਦਰਸ਼ਨ ਸਿੰਘ ਨੇ ਵੱਖ-ਵੱਖ ਲੋਕਾਂ ਦੇ ਬੈਂਕ ਖਾਤਿਆਂ ਵਿਚੋਂ ਏ.ਟੀ.ਐਮ ਜ਼ਰੀਏ ਠੱਗੀ ਮਾਰਨ ਦੇ ਦੋਸ਼ ਵਿਚ ਗਿਰੀਰਾਜ ਕੁਮਾਰ ਉਪਾਧਿਆਏ ਪੁੱਤਰ ਰਾਜਿੰਦਰ ਪ੍ਰਸ਼ਾਦ ਵਾਸੀ ਗੋਰਖਪੁਰ ਤੇ ਅਣਪਛਾਤੇ ਵਿਅਕਤੀਆਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਬੈਂਕ ਮੈਨੇਜਰ ਕੋਲ ਲੋਕਾਂ ਨੇ ਲਿਖਤੀ ਸ਼ਿਕਾਇਤ ਵੀ ਦਿਤੀ ਸੀ। ਇਸ ਦੌਰਾਨ ਪੁਲਿਸ ਨੇ ਉਕਤ ਬੈਂਕ ਦੇ ਏ.ਟੀ.ਐਮ ਉਤੇ ਪੈਨੀ ਨਜ਼ਰ ਰੱਖੀ ਹੋਈ ਸੀ ਅਤੇ ਪੈਸੇ ਕਢਵਾਉਣ ਵਾਲਿਆਂ ਉਤੇ ਵੀ ਸਖ਼ਤ ਨਜ਼ਰ ਰੱਖੀ ਗਈ ਸੀ। ਸੀ.ਸੀ.ਟੀ.ਵੀ. ਕੈਮਰੇ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿਚ ਦੋਸ਼ੀ ਗਿਰੀਰਾਜ ਕਈ ਵਾਰ ਪੈਸੇ ਕਢਵਾਉਂਦਾ ਸਾਹਮਣੇ ਆਇਆ। ਇਸ ਦੌਰਾਨ ਜਦੋਂ ਉਸ ਨੂੰ ਜਾਂਚ ਲਈ ਫੜਿਆ ਤਾਂ ਉਸ ਨੇ ਕਿਹਾ ਕਿ ਉਹ ਕਈ ਲੋਕਾਂ ਦੇ ਏ.ਟੀ.ਐਮ. ਵਿਚੋਂ ਪੈਸੇ ਕਢਵਾ ਚੁੱਕਾ ਹੈ।

ਪੁਲਿਸ ਵਲੋਂ ਜਾਂਚ ਦੌਰਾਨ ਦੋਸ਼ੀ ਤੋਂ 2 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਵਲੋਂ ਜਾਂਚ ਲਈ 5 ਦਿਨ ਦੀ ਪੁਲਿਸ ਰਿਮਾਂਡ ਦਿਤੀ ਗਈ ਹੈ।