ਪੰਜਾਬ 'ਚ ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਖ਼ੈਰ ਨਹੀਂ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੇਤੀ ਹੀ ਈ-ਚਲਾਨ ਸਿਸਟਮ ਸ਼ੁਰੂ ਕਰਨ ਦੀ ਤਿਆਰੀ

E-Challan Machines will be provided to traffic police for on spot challan : Razia Sultana

ਚੰਡੀਗੜ੍ਹ : ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਹੁਣ ਪੁਲਿਸ ਵਲੋਂ ਕਾਫੀ ਸਖ਼ਤੀ ਵਰਤੀ ਜਾਵੇਗੀ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਛੇਤੀ ਹੀ ਪੁਲਿਸ ਈ-ਚਲਾਨ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ। ਵਾਹਨ ਚਾਲਕ ਹੁਣ ਮੌਕੇ 'ਤੇ ਹੀ ਆਪਣੇ ਚਲਾਨ ਦਾ ਭੁਗਤਾਨ ਏ.ਟੀ.ਐਮ. ਜਾਂ ਡੈਬਿਟ ਕਾਰਡ ਰਾਹੀਂ ਕਰ ਸਕਣਗੇ। ਇਸ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੇ ਈ-ਚਲਾਨ ਮਸ਼ੀਨਾਂ ਖਰੀਦਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਸੜਕ ਸੁਰੱਖਿਆ ਕੌਂਸਲ ਦੀ 6ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਛੇਤੀ ਹੀ ਰੋਡ ਸੇਫ਼ਟੀ ਸਕੱਤਰੇਤ ਦੀ ਸਥਾਪਨਾ ਕੀਤੀ ਜਾਏਗੀ ਜਿਸ ਦਾ ਪ੍ਰਬੰਧ ਸੜਕ ਸੁਰੱਖਿਆ ਮਾਹਰ ਕਰਨਗੇ। ਇਹ ਸਕੱਤਰੇਤ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੂਬੇ ਦੀਆਂ ਮੁੱਖ ਸੜਕਾਂ ਉਤੇ ਵਾਹਨਾਂ ਦੀ ਆਵਾਜਾਈ 'ਤੇ ਨਜ਼ਰ ਰੱਖੇਗਾ। ਇਕ ਪ੍ਰੈਸ ਬਿਆਨ 'ਚ ਉਨ੍ਹਾਂ ਕਿਹਾ ਕਿ ਇਹ ਈ-ਚਲਾਨ ਮਸ਼ੀਨਾਂ ਵਾਇਰਲੈਸ ਬਲੂਟੁੱਥ, ਸਟੇਸ਼ਨਰੀ ਅਤੇ ਪ੍ਰਿੰਟਰ ਦੇ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਵਧੇਰੇ ਦੁਰਘਟਨਾਵਾਂ ਵਾਲੀਆਂ 200 ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਟਰਾਂਸਪੋਰਟ ਵਿਭਾਗ ਵਲੋਂ 20 ਲੱਖ ਤੋਂ 30 ਲੱਖ ਰੁਪਏ ਹਰੇਕ ਥਾਂ 'ਤੇ ਖਰਚ ਕਰ ਕੇ ਪੜਾਵਾਰ ਢੰਗ ਨਾਲ ਇਹਨਾਂ ਥਾਵਾਂ ਦਾ ਸੁਧਾਰ ਕੀਤਾ ਜਾਵੇਗਾ। ਮੁੱਖ ਸੜਕ ਨਾਲ ਮਿਲਣ ਵਾਲੀਆਂ ਵੱਖ-ਵੱਖ ਸਾਈਡ ਸੜਕਾਂ ਦੇ ਗੁੰਝਲਦਾਰ ਐਂਟਰੀ ਪੁਆਇੰਟਾਂ ਅਤੇ ਜੋੜਾਂ ਵਿਚ ਸੋਧ ਕਰਨ ਤੋਂ ਇਲਾਵਾ ਸੜਕਾਂ 'ਤੇ ਰੰਬਲ (ਰੋਕਾਂ) ਅਤੇ ਲੋਹੋ ਦੇ ਐਂਗਲ ਲਗਾਏ ਜਾਣਗੇ।

ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀਆਂ ਸਖਤ ਹਦਾਇਤਾਂ ਕੀਤੀਆਂ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਵਿੱਚ ਓਵਰਲੋਡਿਡ ਵਾਹਨਾਂ ਦੇ ਆਉਣ-ਜਾਣ ਨੂੰ ਰੋਕਣ ਲਈ ਭਾਰ ਤੋਲਣ ਵਾਲੀਆਂ ਮਸ਼ੀਨਾਂ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਇੱਕ ਓਵਰਲੋਡਿਡ ਵਾਹਨ ਦਾ ਚਲਾਨ ਹੋ ਗਿਆ ਤਾਂ ਉਸ ਵਾਹਨ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਪ੍ਰਮੁੱਖ ਸਕੱਤਰ, ਟਰਾਂਸਪੋਰਟ ਕੇ. ਸਿਵਾ ਪ੍ਰਸਾਦ ਨੇ ਮੰਤਰੀ ਨੂੰ ਦੱਸਿਆ ਕਿ ਖੂਨ ਵਿਚ ਅਲਕੋਹਲ ਦੇ ਪੱਧਰ ਦੀ ਜਾਂਚ ਕਰਨ ਲਈ 195 ਸਾਹ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਖਰੀਦੀਆਂ ਗਈਆ ਇਸੇ ਤਰ੍ਹਾਂ 56 ਸਪੀਡ ਗੰਨਾਂ ਖਰੀਦਣ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। 

ਏ.ਡੀ.ਜੀ.ਪੀ. ਟਰੈਫਿਕ ਡਾ. ਸ਼ਰਦ ਚੌਹਾਨ ਨੇ ਟਰਾਂਸਪੋਰਟ ਮੰਤਰੀ ਨੂੰ ਜਾਣੂ ਕਰਵਾਇਆ ਕਿ ਸੜਕ ਹਾਦਸਿਆਂ ਦੌਰਾਨ ਪੀੜਤਾਂ ਨੂੰ ਤੁਰੰਤ ਰਾਹਤ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ 100 ਐਂਬੂਲੈਂਸਾਂ ਪੁਲਿਸ ਵਿਭਾਗ ਕੋਲ ਪਹਿਲਾਂ ਹੀ ਮੌਜੂਦ ਹਨ। ਟਰਾਂਸਪੋਰਟ ਮੰਤਰੀ ਨੇ ਏਡੀਜੀਪੀ ਨੂੰ ਸਿਹਤ ਵਿਭਾਗ ਨਾਲ ਵੀ ਤਾਲਮੇਲ ਕਰਨ ਦੀ ਹਦਾਇਤ ਕੀਤੀ ਜੋ ਸੜਕ ਹਾਦਸਿਆਂ ਵਿੱਚ ਪੀੜਤ ਵਿਅਕਤੀ ਨੂੰ ਐਮਰਜੈਂਸੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਹਾਈਵੇਅ 'ਤੇ 108 ਐਂਬੂਲੈਂਸ ਸੇਵਾ ਪ੍ਰਦਾਨ ਕਰ ਰਹੀ ਹੈ।